ਜਸਵੰਤ ਜੱਸ
ਫਰੀਦਕੋਟ, 4 ਦਸੰਬਰ
ਫਰੀਦਕੋਟ ਜ਼ਿਲ੍ਹੇ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਡੀ.ਟੀ.ਐਫ. ਪੰਜਾਬ, ਪ.ਸ.ਸ.ਫ., ਈ.ਟੀ.ਯੂ., ਕਿਸਾਨ ਸੰਘਰਸ਼ ਸਮਰਥਨ ਕਮੇਟੀ ਦੇ ਸਾਂਝੇ ਸੱਦੇ ’ਤੇ ਖੇਤੀਬਾੜੀ ਸਬੰਧੀ ਜਾਰੀ ਕੀਤੇ ਕਾਲੇ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ 2020 ਵਾਪਸ ਲੈਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਕਿਸਾਨ ਸੰਘਰਸ਼ ਦੇ ਹੱਕ ਵਿੱਚ ਮਸ਼ਾਲ ਮਾਰਚ ਕੀਤਾ ਗਿਆ। ਵੱਡੀ ਗਿਣਤੀ ਵਿੱਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਰਾਜ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਕੇਂਦਰ ਦੀ ਮੋਦੀ ਸਰਕਾਰ ਨੇ ਨਿੱਤ ਲੋਕ ਵਿਰੋਧੀ ਕਾਲੇ ਕਾਨੂੰਨ ਲਿਆ ਰਹੀ ਹੈ। ਡੀਟੀਐੱਫ਼ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ, ਪ.ਸ.ਸ.ਫ. ਤੋ ਜਤਿੰਦਰ ਕੁਮਾਰ, ਮਨਿਸਟਰੀਅਲ ਯੂਨੀਅਨ ਤੋਂ ਅਮਰੀਕ ਸਿੰਘ ਸੰਧੂ, ਕੁਲਵਿੰਦਰ ਸਿੰਘ ਮੋੜ, ਗਗਨ ਪਾਹਵਾ, ਪਰਦੀਪ ਸਿੰਘ, ਕੁਲਦੀਪ ਸਿੰਘ ਘਣੀਆ, ਹਰਜਸਦੀਪ ਸਿੰਘ, ਲਵਕਰਨ ਸਿੰਘ, ਕਰਨਵੀਰ ਸਿੰਘ ਝੱਖੜਵਾਲਾ ਨੇ ਖੇਤੀਬਾੜੀ ਨਾਲ ਸਬੰਧਤ ਨਾਲ ਕਾਲੇ ਕਾਨੂੰਨ, ਬਿਜਲੀ ਸੋਧ ਬਿੱਲ 2020 ਤੇ ਪਰਾਲੀ ਪ੍ਰਦੂਸ਼ਨ ਆਰਡੀਨੈਂਸ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹੋਏ ਮੁਲਕ ਵਿੱਚ ਜਮਹੂਰੀ ਹੱਕਾਂ ਦੀ ਬਹਾਲੀ ਲਈ ਲੜਦੇ ਬੁੱਧੀਜੀਵੀਆਂ, ਕਵੀਆਂ, ਲੇਖਕਾਂ ਤੇ ਵਿਦਿਆਰਥੀ ਆਗੂਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਰੈਲੀ ਤੇ ਮਸ਼ਾਲ ਮਾਰਚ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਗੁਰਪਾਲ ਨੰਗਲ, ਮਨੀਸ਼ ਕੁਮਾਰ, ਦਿਲਬਾਗ ਸਿੰਘ, ਜਸਪ੍ਰੀਤ ਸਿੰਘ, ਬਿੱਲੂ ਕੁਮਾਰ, ਸੁਨੀਤਾ ਪਾਹਵਾ, ਜਤਿੰਦਰ ਕੌਰ, ਵਰਿੰਦਰ ਕੌਰ, ਰਮਨਪ੍ਰੀਤ ਕੌਰ, ਊਸ਼ਾ ਰਾਣੀ, ਰਸ਼ਪਾਲ ਕੌਰ, ਵੀਰਪਾਲ ਕੌਰ, ਦਮਨਦੀਪ ਕੌਰ, ਬਲਜਿੰਦਰ ਕੌਰ, ਮੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਕਿਸਾਨ ਅੰਦੋਲਨ ਦੇ ਹੱਕ ’ਚ ਰੋਡਵੇਜ਼ ਕਰਮਚਾਰੀਆਂ ਵੱਲੋਂ ਪ੍ਰਦਰਸ਼ਨ
ਸਿਰਸਾ (ਪ੍ਰਭ ਦਿਆਲ): ਹਰਿਆਣਾ ਰੋਡਵੇਜ਼ ਸਿਰਸਾ ਡਿਪੋ ਦੇ ਕਰਮਚਾਰੀਆਂ ਨੇ ਅੱਜ ਹਰਿਆਣਾ ਰੋਡਵੇਜ਼ ਤਾਲਮੇਲ ਕਮੇਟੀ ਦੇ ਬੈਨਰ ਹੇਠ ਬੱਸ ਸਟੈਂਡ ਕੰਪਲੈਕਸ ਵਿੱਚ ਕਿਸਾਨ ਅੰਦੋਲਨ ਦੇ ਹੱਕ ਵਿੱਚ ਅਤੇ ਸਰਕਾਰੀ ਵਿਭਾਗਾਂ ਦੇ ਨਿਜੀਕਰਨ ਅਤੇ ਬਿਜਲੀ ਬਿਲ-2020 ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਕਰਮਚਾਰੀਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਕਿਸਾਨ ਵਿਰੋਧੀ ਤਿੰਨੇ ਕਾਲੇ ਕਾਨੂੰਨ ਵਾਪਸ ਲਏ ਜਾਣ ਨਹੀਂ ਤਾਂ ਕਿਸਾਨ ਅਤੇ ਕਰਮਚਾਰੀ ਮਿਲਕੇ ਭਵਿੱਖ ਵਿੱਚ ਇਸ ਤੋਂ ਵੀ ਤਿੱਖੇ ਅੰਦੋਲਨ ਲਈ ਤਿਆਰ ਹਨ।
ਕੌਂਸਲ ਆਫ਼ ਡਿਪਲੋਮਾ ਇੰਜਨੀਅਰਜ਼ ਵੱਲੋਂ ਕਿਸਾਨੀ ਘੋਲ ਦੀ ਹਮਾਇਤ
ਮਾਨਸਾ (ਜੋਗਿੰਦਰ ਸਿੰਘ ਮਾਨ): ਕੌਂਸਲ ਆਫ਼ ਡਿਪਲੋਮਾ ਇੰਜਨੀਅਰਜ਼ ਜ਼ਿਲ੍ਹਾ ਮਾਨਸਾ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਸਮੇਤ ਬਿਜਲੀ ਐਕਟ ਦਾ ਵਿਰੋਧ ਕਰਦਿਆਂ ਕਿਸਾਨੀ ਘੋਲ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਜ਼ਿਲ੍ਹਾ ਕਨਵੀਨਰ ਇੰਜਨੀਅਰ ਜਤਿੰਦਰ ਕੁਮਾਰ ਨੇ ਕਿਹਾ ਪੰਜਾਬ ਕਾਰਜਕਾਰਨੀ ਦੇ ਫੈਸਲੇ ਅਨੁਸਾਰ ਕਿਸਾਨੀ ਵਿਰੋਧੀ ਤਿੰਨਾਂ ਖੇਤੀ ਆਰਡੀਨੈਸਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਪੂਰਨ ਹਮਾਇਤ ਦਾ ਐਲਾਨ ਕੀਤਾ ਗਿਆ। ਇਸ ਮੌਕੇ ਇੰਜ. ਰਕੇਸ਼ ਕੁਮਾਰ, ਇੰਜ. ਵੇਦ ਪ੍ਰਕਾਸ਼, ਇੰਜ. ਰਾਕੇਸ਼ ਅਰੋੜਾ, ਇੰਜ. ਭੀਮ ਸੈਨ, ਇੰਜ. ਓਮ ਪ੍ਰਕਾਸ਼, ਇੰਜ. ਗੌਰਵ ਕੁਮਾਰ, ਇੰਜ. ਧਰਿੰਦਰ ਕਾਲੜਾ, ਇੰਜ. ਪਰਮਜੀਤ ਸਿੰਘ, ਇੰਜ. ਦਵਿੰਦਰ ਕੁਮਾਰ , ਇੰਜ. ਨਰਿੰਦਰ ਸ਼ਰਮਾ, ਇੰਜ. ਪ੍ਰਦੀਪ ਕੁਮਾਰ, ਇੰਜ. ਮਾਧਵ ਜਿੰਦਲ ਨੇ ਵੀ ਸੰਬੋਧਨ ਕੀਤਾ।
ਪੰਜਾਬੀਆਂ ਨੇ ਵਿਦੇਸ਼ੋ ਭੇਜਿਆ 50 ਹਜ਼ਾਰ ਰੁਪਏ ਦਾ ਫੰਡ
ਭੁੱਚੋ ਮੰਡੀ (ਪੱਤਰ ਪੇ੍ਰਕ): ਖੇਤੀ ਕਨੂੰਨਾਂ ਖ਼ਿਲਾਫ਼ ਦਿੱਲੀ ਵਿੱਚ ਆਰਪਾਰ ਦੀ ਲੜਾਈ ਲੜ ਰਹੇ ਕਿਸਾਨਾਂ ਦੀ ਮੱਦਦ ਲਈ ਹਰ ਪੰਜਾਬੀ ਅੱਗੇ ਆ ਗਿਆ ਹੈ। ਪੰਜਾਬ ਦੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਵੀ ਸੰਘਰਸ਼ ਦੀ ਸਫ਼ਲਤਾ ਲਈ ਬਾਹਰੋਂ ਫੰਡ ਭੇਜ ਰਹੇ ਹਨ। ਇਸ ਤਹਿਤ ਕੈਨੇਡਾ ਵਿੱਚ ਵਸਦੇ ਪਿੰਡ ਭੁੱਚੋ ਕਲਾਂ ਦੇ ਨੰਬਰਦਾਰ ਰਾਜ ਸਿੰਘ ਮਾਨ ਨੇ ਪਿੰਡ ਭੁੱਚੋ ਕਲਾਂ ਦੀ ਪਿੰਡ ਇਕਾਈ ਲਈ 50 ਹਜ਼ਾਰ ਰੁਪਏ ਫੰਡ ਵਜੋਂ ਭੇਜੇ ਹਨ। ਮਾਨ ਪਰਿਵਾਰ ਨੇ ਇਹ ਫੰਡ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪਿੰਡ ਇਕਾਈ ਪ੍ਰਧਾਨ ਤੇਜਾ ਸਿੰਘ ਸੌਂਪ ਦਿੱਤਾ।
ਕਿਸਾਨ ਸੰਘਰਸ਼ ਦੌਰਾਨ ਜ਼ਖਮੀ ਮਜ਼ਦੂਰ ਦੀ ਹਾਂਗਕਾਂਗ ਸੰਸਥਾ ਵੱਲੋਂ ਵਿੱਤੀ ਮਦਦ
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਕਿਸਾਨ ਸੰਘਰਸ਼ ਦੌਰਾਨ ਧਰਨੇ ਵਿੱਚ ਜਾਂਦਿਆਂ ਵਾਪਰੇ ਹਾਦਸੇ ਵਿੱਚ ਜ਼ਖਮੀ ਹੋਏ ਪਿੰਡ ਕੁੱਸਾ ਦੇ ਮਜ਼ਦੂਰ ਦੀ ਗੁਰੂ ਨਾਨਕ ਦੇਵ ਭਲਾਈ ਟਰੱਸਟ ਹਾਂਗਕਾਂਗ ਵਲੋਂ ਵੀਹ ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਕੀਤੀ ਗਈ। ਗੁਰੂ ਨਾਨਕ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਪੀੜਤ ਮਜ਼ਦੂਰ ਕੁਲਦੀਪ ਸਿੰਘ ਲਈ ਵੀਹ ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਸੰਸਥਾ ਦੇ ਨਿਸ਼ਕਾਮ ਸੇਵਕ ਸੁੱਖੀ ਨੈਣੇਵਾਲੀਆ ਨੇ ਭੇਟ ਕੀਤੀ। ਇਸ ਸਮੇਂ ਬਲਜੀਤ ਗਰੇਵਾਲ, ਡਾ ਰਾਜਵੀਰ ਸਿੰਘ ਰੌਂਤਾ,ਤਰਲੋਕ ਸਿੰਘ ਤੇ ਬਲਵੀਰ ਸਿੰਘ ਮੌਜੂਦ ਸਨ।