ਯਸ਼ ਚਟਾਨੀ
ਬਾਘਾ ਪੁਰਾਣਾ, 18 ਅਕਤੂਬਰ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਗੁਰੂ ਨਾਨਕ ਕਾਲਜ ਰੋਡੇ ਵਿਚ ਪ੍ਰੀਖਿਆ ਕੇਂਦਰ ਵਾਪਸ ਲਿਆਉਣ ਲਈ ਬੱਸ ਸਟੈਂਡ ਤੋਂ ਵਿਧਾਇਕ ਦੇ ਦਫ਼ਤਰ ਤੱਕ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਪ੍ਰੀਖਿਆ ਕੇਂਦਰ ਵਾਪਸ ਲਿਆਉਣ ਅਤੇ ਅੰਗਰੇਜ਼ੀ ਪ੍ਰੋਫੈਸਰ ਦੀ ਖ਼ਾਲੀ ਅਸਾਮੀ ਨੂੰ ਭਰਨ ਦੀ ਮੰਗ ਸਬੰਧੀ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ, ਜ਼ਿਲ੍ਹਾ ਆਗੂ ਕਮਲ ਬਾਘਾਪੁਰਾਣਾ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਪ੍ਰੀਖਿਆ ਕੇਂਦਰ ਸਰਕਾਰੀ ਕਾਲਜ ਢੁੱਡੀਕੇ ਲਿਜਾਇਆ ਗਿਆ ਹੈ ਜਿਸ ਕਰ ਕੇ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਸਰਕਾਰ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਹੀ ਹੋ ਰਿਹਾ ਹੈ। ਕਾਲਜ ਦਾ ਪ੍ਰੀਖਿਆ ਕੇਂਦਰ ਕਾਲਜ ’ਚ ਨਾ ਹੋਣਾ ਅਤੇ ਲਗਾਤਾਰ ਅੰਗਰੇਜ਼ੀ ਪ੍ਰੋਫੈਸਰ ਅਸਾਮੀ ਦਾ ਖਾਲੀ ਰਹਿਣਾ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਸਰਕਾਰ ਇਸ ਕਾਲਜ ਨੂੰ ਬੰਦ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਿੱਖਿਆ ਸਬੰਧੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ। ਆਗੂਆਂ ਨੇ ਕਿਹਾ ਕਿ ਇਸ ਵੱਡੇ ਪੇਂਡੂ ਖੇਤਰ ਦਾ ਇਹੀ ਇੱਕੋ-ਇਕ ਸਰਕਾਰੀ ਕਾਲਜ ਹੈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਪ੍ਰੀਖਿਆ ਕੇਂਦਰ ਵਾਪਸ ਲੈ ਕੇ ਆਉਣ ਨਾਲ ਹੀ ਵਿਦਿਆਰਥੀਆਂ ਦੀ ਸਮੱਸਿਆ ਹੱਲ ਹੋਵੇਗੀ। ਆਗੂਆਂ ਦੱਸਿਆ ਕਿ ਇਸ ਖ਼ਿਲਾਫ਼ ਵੱਡਾ ਸੰਘਰਸ਼ ਵਿੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਇਸ ਮੌਕੇ ਕਾਲਜ ਇਕਾਈ ਦੇ ਪ੍ਰਧਾਨ ਸੰਦੀਪ ਸਿੰਘ ਸ਼ਨੀ, ਆਗੂ ਸ਼ਰਨਜੀਤ ਕੌਰ, ਨਵੂ ਬੰਬੀਹਾ, ਪੂਜਾ, ਕਿਰਨਜੀਤ ਕੌਰ, ਕਰਮਜੀਤ ਕੌਰ, ਸੁਖਜਿੰਦਰ ਸਿੰਘ, ਗੁਰਤੇਜ ਸਿੰਘ, ਵਿਸ਼ਵਦੀਪ ਸਿੰਘ, ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।