ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ, 2 ਅਪਰੈਲ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਅੱਜ ਫਾਜ਼ਿਲਕਾ ਦੇ ਐੱਮਆਰ.ਸਰਕਾਰੀ ਕਾਲਜ ’ਚ ਕਾਲਜ ਦੀਆਂ ਮੰਗਾਂ ਸਬੰਧੀ ਹਸਤਾਖ਼ਰ ਮੁਹਿੰਮ ਸ਼ੁਰੂ ਕੀਤੀ ਗਈ। ਵਿਦਿਆਰਥੀਆਂ ਵੱਲੋਂ ਇਕ ਵੱਡਾ ਫਲੈਕਸ ਕਾਲਜ ਦੀ ਦੀਵਾਰ ’ਤੇ ਲਗਾਇਆ ਗਿਆ ਹੈ। ਇਸ ਉਪਰ ਕਾਲਜ ਦੀਆਂ ਜ਼ਰੂਰੀ ਮੰਗਾਂ ਨੂੰ ਲਿਖਿਆ ਗਿਆ ਹੈ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧੀਰਜ ਕੁਮਾਰ ਅਤੇ ਕਾਲਜ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਨੇ ਕਿਹਾ ਕਿ ਕਾਲਜ ਦੀਆਂ ਮੁੱਖ ਮੰਗਾਂ ਕਾਲਜ ’ਚ ਪ੍ਰੋਫੈਸਰਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ ਅਤੇ ਕਾਲਜ ’ਚ ਐੱਮਏ ਦੇ ਕੋਰਸ ਸ਼ੁਰੂ ਕੀਤੇ ਜਾਣ ਤੇ ਹੋਰ ਮੰਗਾਂ ਮੰਨੀਆਂ ਜਾਣ। ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਪ੍ਰਵੀਨ ਕੌਰ, ਮਮਤਾ ਲਾਧੂਕਾ ਅਤੇ ਗਗਨਦੀਪ ਕੌਰ ਨੇ ਦੱਸਿਆ ਕਿ ਪੂਰੇ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਛੱਡ ਕੇ ਇਕੱਲੇ ਫਾਜ਼ਿਲਕਾ ਦੇ ਸਰਕਾਰੀ ਕਾਲਜ ’ਚ ਹੀ ਮਾਸਟਰ ਡਿਗਰੀ ਦਾ ਇਕ ਵੀ ਕੋਰਸ ਨਹੀਂ ਹੈ। ਆਗੂਆਂ ਨੇ ਕਿਹਾ ਕਿ ਜਦੋਂ ਇਹ ਦਸਤਖਤ ਮੁਹਿੰਮ ਪੂਰੀ ਹੋ ਜਾਵੇਗੀ ਤਾਂ ਇਹ ਪੂਰੇ ਦਾ ਪੂਰਾ ਫਲੈਕਸ ਲੈ ਕੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਣਾ ਨੂੰ ਮਿਲਿਆ ਜਾਵੇਗਾ।