ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 25 ਨਵੰਬਰ
ਪੰਜਾਬ ਸਟੂਡੈਂਟਸ ਯੂਨੀਅਨ ਨੇ ਵਿਦਿਆਰਥਣ ਮਨਪ੍ਰੀਤ ਕੌਰ ਦੇ ਹੱਕ ’ਚ ਡਟਦਿਆਂ ਅੱਜ ਇੱਥੇ ਸਰਕਾਰੀ ਰਾਜਿੰਦਰਾ ਕਾਲਜ ’ਚ ਚਿਤਾਵਨੀ ਰੈਲੀ ਕੀਤੀ। ਵਿਦਿਆਰਥੀ ਆਗੂਆਂ ਨੇ ਸਰੀਰਕ ਸਿੱਖਿਆ ਵਿਭਾਗ ਦੀ ਮੁਖੀ ਪ੍ਰੋ. ਜਗਜੀਵਨ ਕੌਰ ’ਤੇ ਮਨਪ੍ਰੀਤ ਕੌਰ ਦਾ ਕਥਿਤ ਜ਼ਬਰਦਸਤੀ ਵਿਸ਼ਾ ਤਬਦੀਲ ਕਰਨ ਦੇ ਦੋਸ਼ ਲਾਏ। ਯੂਨੀਅਨ ਦੀ ਕਾਲਜ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਕੌਰ ਅਤੇ ਮੀਤ ਪ੍ਰਧਾਨ ਕਰਨਵੀਰ ਸਿੰਘ ਨੇ ਕਿਹਾ ਕਿ ਮਨਪ੍ਰੀਤ ਕੌਰ ਕਥਿਤ ਜਬਰੀ ਵਿਸ਼ਾ ਬਦਲਣ ਕਾਰਨ ਉਸ ਦੀ ਪੇਪਰਾਂ ’ਚ ਰੀ-ਅਪੀਅਰ ਆਈ ਹੈ। ਪੀਐੱਸਯੂ ਦੇ ਆਗੂ ਰਾਜਿੰਦਰ ਸਿੰਘ ਨੇ ਕਿਹਾ ਕਿ ਇਹ ਸਾਰੀ ਘਟਨਾ ਪ੍ਰੋ. ਜਗਜੀਵਨ ਕੌਰ ਵੱਲੋਂ ਦਿੱਤੀ ਗਈ ਗ਼ਲਤ ਜਾਣਕਾਰੀ ਕਾਰਨ ਵਾਪਰੀ ਪ੍ਰੰਤੂ ਪ੍ਰੋਫ਼ੈਸਰ ਆਪਣੀ ਗ਼ਲਤੀ ਮੰਨਣ ਤੋਂ ਇਨਕਾਰੀ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥਣ ਦਾ ਦੂਜੇ ਸਮੈਸਟਰ ਦਾ ਨਤੀਜਾ ਅਜੇ ਆਉਣਾ ਹੈ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵਿਦਿਆਰਥਣ ਦਾ ਮਸਲਾ ਜਲਦ ਹੱਲ ਨਾ ਕੀਤਾ ਗਿਆ ਤਾਂ ਪੰਜਾਬ ਸਟੂਡੈਂਟਸ ਯੂਨੀਅਨ ਨਿਆਂ ਲਈ ਸੰਘਰਸ਼ ਦੇ ਰਾਹ ਪਵੇਗੀ। ਇਸ ਮੌਕੇ ਕਾਲਜ ਕਮੇਟੀ ਮੈਂਬਰ ਪਿ੍ਰੰਸ ਕੋਟਭਾਰਾ, ਰਜਿੰਦਰ ਕੌਰ, ਨੇਹਾ, ਰੀਨਾ, ਹਰਪ੍ਰੀਤ ਨਵੀ, ਓਪਿੰਦਰ ਸਿੰਘ, ਗਗਨ ਆਦਿ ਹਾਜ਼ਰ ਸਨ।