ਪੱਤਰ ਪ੍ਰੇਰਕ
ਮਾਨਸਾ, 6 ਮਾਰਚ
ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪੀਆਰਟੀਸੀ ਨੂੰ ਪੈਰਾਂ-ਸਿਰ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਬੱਸ ਕਾਮਿਆਂ ਨੂੰ 20 ਸਾਲਾਂ ਤੋਂ ਵਰਦੀਆਂ ਨਹੀਂ ਮਿਲੀਆਂ, ਜਿਸ ਕਾਰਨ ਡਰਾਈਵਰ-ਕੰਡਕਟਰ ਅੱਜ-ਕੱਲ੍ਹ ਜੀਨ ਦੀਆਂ ਪੈਂਟਾਂ ਪਾਉਣ ਲੱਗ ਪਏ ਹਨ। ਇਹ ਪੈਟਾਂ ਪਾਉਣੀਆਂ ਮੁਲਾਜ਼ਮਾਂ ਦਾ ਸ਼ੌਕ ਨਹੀਂ, ਸਗੋਂ ਮਜਬੂਰੀ ਹੈ, ਕਿਉਂਕਿ ਕਾਰਪੋਰੇਸ਼ਨ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਨ੍ਹਾਂ ਕਰਮਚਾਰੀਆਂ ਨੂੰ ਗਰਮ ਤੇ ਸਰਦ ਰੁੱਤ ਦੀਆਂ ਵਰਦੀਆਂ ਦੇਣ ਤੋਂ ਪੱਲਾ ਝਾੜ ਰੱਖਿਆ ਹੈ।
ਅੱਜ-ਕੱਲ੍ਹ ਸਰਦੀ ਦੇ ਮੌਸਮ ਵਿਚ ਬੱਸਾਂ ਵਿੱਚ ਬਿਨਾਂ ਵਰਦੀ ਤੋਂ ਡਰਾਈਵਰ-ਕੰਡਕਟਰ ਅਤੇ ਆਮ ਲੋਕਾਂ ਦੀ ਕੋਈ ਪਛਾਣ ਨਹੀਂ ਹੈ।
ਰਾਜ ਵਿਚ ਇਸ ਵੇਲੇ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਦੇ 9 ਡਿਪੂ ਚੱਲ ਰਹੇ ਹਨ, ਜਿਨ੍ਹਾਂ ਵਿਚ ਲਗਪਗ ਤਿੰਨ ਹਾਜ਼ਰ ਮੁਲਾਜ਼ਮ ਡਿਊਟੀ ਨਿਭਾਅ ਰਹੇ ਹਨ। ਇਨ੍ਹਾਂ ਡਿੱਪੂਆਂ ਵਿੱਚ ਕਦੇ ਵੀ ਡਰਾਈਵਰਾਂ-ਕੰਡਕਟਰਾਂ ਅਤੇ ਵਰਕਸ਼ਾਪ ਵਿਚ ਕੰਮ ਕਰਦੇ ਕਾਮਿਆਂ ਨੂੰ ਵਰਦੀਆਂ ਨਾ ਦੇਣ ਦੀ ਜਾਣਕਾਰੀ ਹਾਸਲ ਹੋਈ ਹੈ।
ਅੱਜ ਮਾਨਸਾ ਦੇ ਬੱਸ ਅੱਡੇ ਵਿੱਚ ਜਾ ਕੇ ਪੀਆਰਟੀਸੀ ਦੀਆਂ ਲਗਪਗ 100 ਬੱਸਾਂ ਦਾ ਮੁਆਇਨਾ ਕੀਤਾ ਗਿਆ, ਜਿਸ ਵਿਚੋਂ ਕਿਸੇ ਵੀ ਡਰਾਈਵਰ-ਕੰਡਕਟਰ ਦੇ ਵਰਦੀ ਨਹੀਂ ਸੀ ਪਾਈ ਹੋਈ। ਇਹ ਸਾਰੇ ਜੀਨ ਦੀਆਂ ਮੋਟੀਆਂ ਪੈਂਟਾਂ ਪਾ ਕੇ ਆਪਣੀ ਜੀਵਨ ਦੀ ਗੱਡੀ ਰੇੜ੍ਹ ਰਹੇ ਸਨ। ਦਰਜਨ ਤੋਂ ਵੱਧ ਨੌਜਵਾਨ ਡਰਾਈਵਰਾਂ-ਕੰਡਕਟਰਾਂ ਨੇ ਦੱਸਿਆ ਕਿ ਜਦੋਂ ਕਾਰਪੋਰੇਸ਼ਨ ਨੇ ਖਾਕੀ ਵਰਦੀ ਦੇਣੀ ਬੰਦ ਕਰ ਦਿੱਤੀ ਤਾਂ ਉਨ੍ਹਾਂ ਨੇ ਮਜਬੂਰ ਹੋ ਕੇ ਨੀਲੀ ਪੈਂਟ (ਜੀਨ) ਦੀ ਪਾ ਕੇ ਕੰਮ ਚਲਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜੀਨ ਦੀ ਇਸ ਪੈਂਟ ਨੂੰ ਹਫ਼ਤੇ ਤੋਂ ਵੱਧ ਸਮਾਂ ਬਿਨਾਂ ਧੋਤੇ ਤੋਂ ਲੰਘਾਇਆ ਜਾਂਦਾ ਹੈ, ਕਿਉਂਕਿ ਰੋਜ਼ਾਨਾ ਦੇ ਸਫ਼ਰ ਵਿਚ ਹੋਰ ਪੈਂਟਾਂ ਜਲਦੀ ਮੈਲੀਆਂ ਹੋ ਜਾਂਦੀਆਂ ਹਨ।
ਪਨਬੱਸ ਪੀਆਰਟੀਸੀ ਕੰਟਰੈਕਟਰ ਵਰਕਰਜ਼ ਯੂਨੀਅਨ ਬਠਿੰਡਾ ਦੇ ਪ੍ਰਧਾਨ ਸੰਦੀਪ ਸਿੰਘ ਗਰੇਵਾਲ ਅਤੇ ਸੈਕਟਰੀ ਹਰਤਾਰ ਸਿੰਘ ਦਾ ਕਹਿਣਾ ਹੈ ਕਿ ਜਥੇਬੰਦੀ ਪ੍ਰਬੰਧਕਾਂ ਨੂੰ ਬਹੁਤ ਵਾਰ ਅਧਿਕਾਰੀਆਂ ਨੂੰ ਮਿਲ ਕੇ ਅਪੀਲ ਕੀਤੀ ਹੈ ਪਰ ਕਦੇ ਵਰਦੀ ਨਹੀਂ ਮਿਲੀ।