ਪੱਤਰ ਪ੍ਰੇਰਕ
ਅਬੋਹਰ, 3 ਮਾਰਚ
ਲੰਘੀ ਰਾਤ ਇੱਕ ਵਿਅਕਤੀ ਵੱਲੋਂ ਇੱਕ ਗਰਭਵਤੀ ਗਊ ਨੂੰ ਖੰਡਰ ਬਣੇ ਰੇਲਵੇ ਕੁਆਟਰ ਵਿੱਚ ਪੈਰ ਬੰਨ੍ਹ ਕੇ ਤਸ਼ਦੱਦ ਢਾਹੁਣ ਕਾਰਨ ਗਊ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸ਼ਹਿਰ ਦੀਆਂ ਸਮੂਹ ਧਾਰਮਿਕ ਸੰਸਥਾਵਾਂ ਵਿੱਚ ਰੋਸ ਫੈਲ ਗਿਆ। ਸੂਚਨਾ ਮਿਲਦੇ ਹੀ ਨਰ ਸੇਵਾ ਨਰਾਇਣ ਸੇਵਾ ਦੇ ਮੁਖੀ ਰਾਜੂ ਚਰਾਇਆ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਲਲਿਤ ਸੋਨੀ, ਵਿਨੋਦ ਸਿੰਗਲਾ, ਕੌਂਸਲਰ ਨਰਿੰਦਰ ਵਰਮਾ, ਜੀ.ਆਰ.ਪੀ., ਆਰ.ਪੀ.ਐਫ. ਅਤੇ ਥਾਣਾ ਨੰਬਰ 2 ਦੀ ਪੁਲੀਸ ਵੀ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਹੈ। ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਦੱਸਿਆ ਕਿ ਲੰਘੀ ਰਾਤ ਇੱਕ ਨੌਜਵਾਨ ਇੱਕ ਗਰਭਵਤੀ ਗਊ ਨੂੰ ਰੱਸੀ ਨਾਲ ਘਸੀਟ ਕੇ ਰੇਲਵੇ ਕੁਆਰਟਰ ਵਿੱਚ ਲੈ ਗਿਆ ਜਿਥੇ ਉਸ ਉਪਰ ਤਸ਼ਦੱਦ ਢਾਹੇ ਜਿਸ ਕਾਰਨ ਗਊ ਦੀ ਮੌਤ ਹੋ ਗਈ। ਸਵੇਰੇ ਸੂਚਨਾ ਮਿਲਦੇ ਹੀ ਉਹ ਮੌਕੇ ’ਤੇ ਪਹੁੰਚੇ। ਇਸ ਮੌਕੇ ਰਾਜੂ ਚਰਾਇਆ, ਨਰਿੰਦਰ ਵਰਮਾ ਜੀਆਰਪੀ ਦੇ ਇੰਚਾਰਜ ਸਬ-ਇੰਸਪੈਕਟਰ ਅਨਿਲ ਕੁਮਾਰ ਅਤੇ ਥਾਣਾ ਨੰਬਰ 2 ਦੇ ਏ.ਐੱਸ.ਆਈ. ਮੋਹਨ ਲਾਲ ਨਾਲ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਨਿਖੇਧੀ ਕੀਤੀ। ਸੰਸਥਾ ਦੇ ਆਗੂਆਂ ਨੇ ਕਿਹਾ ਕਿ ਜਿਸ ਵਿਅਕਤੀ ਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਉਸ ਦਾ ਤੁਰੰਤ ਪਤਾ ਲਗਾ ਕੇ ਉਸ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਮ੍ਰਿਤਕ ਗਊ ਦਾ ਪੋਸਟਮਾਰਟਮ ਕਰਵਾਇਆ ਜਾਵੇ ਤਾਂ ਜੋ ਸਾਰੀ ਘਟਨਾ ਦਾ ਪਤਾ ਲੱਗ ਸਕੇ। ਮਾਮਲੇ ਨੂੰ ਭਖਦਾ ਵੇਖ ਡੀ.ਐਸ.ਪੀ. ਸੰਦੀਪ ਸਿੰਘ ਅਤੇ ਹੋਰ ਪੁਲੀਸ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ। ਧਾਰਮਿਕ ਜਥੇਬੰਦੀਆਂ ਦੀ ਮੰਗ ’ਤੇ ਡੀਐਸਪੀ ਨੇ ਵੈਟਰਨਰੀ ਡਾਕਟਰਾਂ ਦਾ ਇੱਕ ਬੋਰਡ ਗਠਿਤ ਗਊ ਦਾ ਪੋਸਟਮਾਰਟਮ ਸੀਨੀਅਰ ਵੈਟਰਨਰੀ ਡਾਕਟਰਾਂ ਤੋਂ ਕਰਵਾ ਕੇ ਉਸ ਨੂੰ ਰੇਲਵੇ ਸਟੇਸ਼ਨ ਦੇ ਨੇੜੇ ਹੀ ਦਫ਼ਨਾਇਆ। ਪੋਸਟਮਾਰਟਮ ਦੀ ਰਿਪੋਰਟ ਜਾਂਚ ਲਈ ਖਰੜ ਦੀ ਲੈਬ ਨੂੰ ਭੇਜੀ ਗਈ ਹੈ। ਮੌਕੇ ’ਤੇ ਮੌਜੂਦ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਮੁਲਜ਼ਮ ਦੀ ਸੂਚਨਾ ਦੇਣ ਵਾਲੇ ਨੂੰ 11 ਹਜ਼ਾਰ, ਕੌਂਸਲਰ ਨਰਿੰਦਰ ਵਰਮਾ ਵੱਲੋਂ 5 ਹਜ਼ਾਰ ਅਤੇ ਬਜਰੰਗ ਦਲ ਹਿੰਦੁਸਤਾਨ ਵੱਲੋਂ 2100 ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਗਿਆ।