ਜਸਵੰਤ ਜੱਸ
ਫ਼ਰੀਦਕੋਟ, 7 ਜੂਨ
ਇੱਥੇ ਸੀਪੀਆਈ (ਐਮਐਲ) ਲਬਿਰੇਸ਼ਨ ਪਾਰਟੀ ਦੇ ਸੱਦੇ ’ਤੇ ਅੱਜ ‘ਹਿਸਾਬ ਦਿਓ, ਜਵਾਬ ਦਿਓ’ ਦੇ ਨਾਅਰੇ ਹੇਠ ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੇ ਦਫਤਰ ਅੱਗੇ ਦਿਨ ਰਾਤ ਦਾ ਧਰਨਾ ਸ਼ੁਰੂ ਕੀਤਾ ਗਿਆ ਜਿਸ ਵਿੱਚ ਸਾਢੇ ਚਾਰ ਸਾਲਾਂ ਵਿੱਚ ਵਿਧਾਨ ਸਭਾ ਅੰਦਰ ਮਜ਼ਦੂਰਾਂ, ਕਿਸਾਨਾਂ, ਔਰਤਾਂ, ਨੌਜਵਾਨਾਂ ਸਬੰਧੀ ਕਿਹੜੇ ਸਵਾਲ ਉਠਾਏ ਹਨ, ਦਾ ਹਿਸਾਬ ਅਤੇ ਦਲਿਤਾਂ ਉਪਰ ਹੋ ਰਹੇ ਸਮਾਜਿਕ ਅਤੇ ਸਰਕਾਰੀ ਜਬਰ, ਔਰਤ ਕਰਜ਼ਾ ਮੁਆਫੀ, ਕਿਰਤ ਕਾਨੂੰਨਾਂ ਵਿੱਚ ਕੀਤੀਆਂ ਮਜ਼ਦੂਰ ਮਾਰੂ ਸੋਧਾਂ, ਬੇਜ਼ਮੀਨੇ ਗਰੀਬਾਂ ਨੂੰ ਰਿਹਾਇਸ਼ੀ ਪਲਾਟ, ਮਜ਼ਦੂਰਾਂ, ਕਿਸਾਨਾਂ ਦੇ ਕਰਜ਼ਾ ਸਮੇਤ ਅਹਿਮ ਮਾਨ ਸਨਮਾਨ ਦੇ ਮੁੱਦਿਆਂ ’ਤੇ ਧਾਰੀ ਚੁੱਪ ’ਤੇ ਸਪੱਸ਼ਟੀਕਰਨ ਲੈਣ ਲਈ ਵਿਧਾਇਕ ਨੂੰ ਸਵਾਲ ਕੀਤੇ।
ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ, ਬਲਜੀਤ ਕੌਰ ਸਿਖਾਂ ਵਾਲਾ, ਪਰਮਜੀਤ ਕੌਰ, ਸੁਖਜੀਤ ਕੌਰ ਕੋਟਕਪੂਰਾ, ਜਸਵੀਰ ਕੌਰ ਗੋਲੇਵਾਲਾ, ਪਰਮਜੀਤ ਕੌਰ ਮਹਿਮੁਆਣਾ ਅਤੇ ਨਿਰਮਲ ਸਿੰਘ ਪੱਖੀ ਖਰਦ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਤ ਵਿਰੋਧੀ ਧਿਰ ਦੇ ਵਿਧਾਇਕਾਂ ਦਾ ਰੋਲ ਲੋਕ ਵਿਰੋਧੀ ਹੀ ਰਿਹਾ ਹੈ।
ਮਾਨਸਾ (ਜੋਗਿੰਦਰ ਸਿੰਘ ਮਾਨ): ਸੀਪੀਆਈ (ਐਮ.ਐਲ) ਲਬਿਰੇਸ਼ਨ ਪਾਰਟੀ ਵੱਲੋਂ ‘ਹਿਸਾਬ ਦਿਓ ਜਵਾਬ ਦਿਓ’ ਦੇ ਨਾਅਰੇ ਹੇਠ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆਂ ਦੇ ਘਰ ਅੱਗੇ ਸਾਢੇ 4 ਸਾਲ ਦੀ ਕਾਰਜਗੁਜ਼ਾਰੀ ਦਾ ਹਿਸਾਬ ਅਤੇ ਦਲਿਤਾਂ ਮਜ਼ਦੂਰਾਂ, ਔਰਤਾਂ, ਕਿਸਾਨ, ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਬੁਨਿਆਦੀ ਮੁੱਦਿਆਂ ’ਤੇ ਜ਼ੁਬਾਨ ਬੰਦ ਰੱਖਣ ਖਿਲਾਫ਼ ਦਿਨ-ਰਾਤ ਦੇ ਦੋ ਦਿਨਾਂ ਲਈ ਧਰਨਾ ਸ਼ੁਰੂ ਕੀਤਾ ਗਿਆ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਲਬਿਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਗੁਰਜੰਟ ਸਿੰਘ ਮਾਨਸਾ ਨੇ ਕਿਹਾ ਕਿ ਸਰਕਾਰ ਵੱਲੋਂ ਚੋਣਾਂ ਵਿੱਚ ਕੀਤੇ ਵਆਦਿਆਂ ਨੂੰ ਲਾਗੂ ਕਰਾਉਣ ਅਤੇ ਕੇਂਦਰ ਸਰਕਾਰ ਵੱਲੋਂ ਕਿਰਤ ਕਾਨੂੰਨਾਂ ’ਚ ਕੀਤੀਆਂ ਮਜ਼ਦੂਰ ਮਾਰੂ ਸੋਧਾਂ, ਪੰਜਾਬ ਅੰਦਰ ਦਲਿਤਾਂ ਉਪਰ ਹੋ ਰਹੇ ਸਮਾਜਿਕ ਅਤੇ ਸਰਕਾਰੀ ਜਬਰ, ਮਜ਼ਦੂਰਾਂ, ਔਰਤਾਂ ਸਿਰ ਚੜ੍ਹੇ ਸਰਕਾਰੀ ਅਤੇ ਪ੍ਰਾਈਵੇਟ ਕਰਜ਼ਿਆਂ ਦੀ ਮੁਆਫ਼, ਬੇਜ਼ਮੀਨੇ ਪਰਿਵਾਰਾਂ ਨੂੰ ਰਿਹਾਇਸ਼ ਲਈ 5-5 ਮਰਾਲੇ ਦੇ ਪਲਾਂਟ ਦੇਣ ’ਤੇ ਸਵਾਲ ਕੀਤੇ। ਇਸ ਮੌਕੇ ਕਾਮਰੇਡ ਵਿੰਦਰ ਅਲਖ, ਕਾਮਰੇਡ ਵਿਜੈ ਭੀਖੀ, ਕਾਮਰੇਡ ਗੁਰਸੇਵਕ ਸਿੰਘ ਮਾਨ, ਕਾਮਰੇਡ ਪ੍ਰਦੀਪ ਗੁਰੂ, ਭੋਲਾ ਸਿੰਘ ਸਮਾਓ, ਮਨਜੀਤ ਕੌਰ ਜੋਗਾ, ਨਰਿੰਦਰ ਕੌਰ ਬੁਰਜ ਹਮੀਰਾ, ਪਰਮਜੀਤ ਡਸਕਾ, ਕ੍ਰਿਸ਼ਨਾ ਕੌਰ, ਗੁਲਾਬ ਖੀਵਾ, ਹਰਪਾਲ ਰੱਲਾ, ਬਿੱਕਰ ਸਿਤਾਰਾ ਅਤੇ ਗੁਰਵਿੰਦਰ ਨੰਦਗੜ੍ਹ ਨੇ ਵੀ ਸੰਬੋਧਨ ਕੀਤਾ।
ਬਰਨਾਲਾ (ਪਰਸ਼ੋਤਮ ਬੱਲੀ): ਸੀਪੀਆਈ (ਐੱਮ.ਐੱਲ) ਲਬਿਰੇਸ਼ਨ ਦੇ ਸੂਬਾਈ ਸੱਦੇ ਅਨੁਸਾਰ ਅੱਜ ਬਰਨਾਲਾ ‘ਆਪ’ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਅੱਗੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਕਾਮਰੇਡ ਮੱਖਣ ਰਾਮਗੜ੍ਹ ਤੇ ਸ਼ਿਗਾਰਾ ਸਿੰਘ ਚੁਹਾਨਕੇ ਦੀ ਅਗਵਾਈ ਹੇਠ ਲੰਘੇ ਚਾਰ ਸਾਲਾਂ ਦਾ ‘ਹਿਸਾਬ ਦਿਓ, ਜਵਾਬ ਦਿਓ’ ਮੁਹਿੰਮ ਤਹਿਤ 2 ਰੋਜ਼ਾ ਧਰਨਾ ਆਰੰਭ ਕੀਤਾ ਗਿਆ|
ਇਸ ਮੌਕੇ ਹਰਚਰਨ ਰੂੜੇਕੇ, ਸੁਰਜੀਤ ਅਸਪਾਲ, ਜਗਰਾਜ ਤਾਜੋਕੇ, ਪਾਲ ਕੌਰ ਤਾਜੋਕੇ, ਰਾਜਵਿੰਦਰ ਕੌਰ ਧਨੌਲਾ, ਜੱਸੀ ਸੁਖਪੁਰਾ, ਪਰਮਜੀਤ ਕੌਰ ਅਤਰਸਿੰਘ ਵਾਲਾ ਤੇ ਸੰਦੀਪ ਕੌਰ ਬਖਤਗੜ੍ਹ ਵੀ ਹਾਜ਼ਰ ਸਨ|