ਪਰਸ਼ੋਤਮ ਬੱਲੀ
ਬਰਨਾਲਾ, 10 ਜਨਵਰੀ
ਇੱਥੇ ਰੇਲਵੇ ਸਟੇਸ਼ਨ ਅੱਗੇ ਤਿੰਨ ਕੇਂਦਰੀ ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਲਈ ਲੱਗੇ ਸਾਂਝੇ ਕਿਸਾਨ ਮੋਰਚੇ ਵਿੱਚ ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਬਲਵੰਤ ਸਿੰਘ ਉੱਪਲੀ, ਅਮਰਜੀਤ ਕੌਰ, ਜਰਨੈਲ ਸਿੰਘ, ਉਜਾਗਰ ਸਿੰਘ ਬੀਹਲਾ, ਸਾਹਿਬ ਸਿੰਘ ਬਡਬਰ, ਮਾਸਟਰ ਨਿਰੰਜਣ ਸਿੰਘ, ਬਾਰਾ ਸਿੰਘ ਬਦਰਾ, ਬਾਬੂ ਸਿੰਘ ਖੁੱਡੀਕਲਾਂ, ਗੁੁਰਨਾਮ ਸਿੰਘ, ਬਿੱਕਰ ਸਿੰਘ ਔਲਖ ਨੇ ਕਿਹਾ ਟਿਕਰੀ ਅਤੇ ਸਿੰਘੂ ਬਾਰਡਰ ’ਤੇ ਸੰਯੁੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਕਿਸਾਨ 26 ਨਵੰਬਰ ਤੋਂ ਪੱਕਾ ਮੋਰਚਾ ਜਮਾਈ ਬੈਠੇ ਹਨ, ਉੱਥੇ ਆਉਣ ਵਾਲੀਆਂ ਪੀੜ੍ਹੀਆਂ ਇਸ ਸੰਘਰਸ਼ ਉੱਪਰ ਮਾਣ ਕਰਨਗੇ| ਬੁਲਾਰਿਆਂ ਨੇ ਕਿਹਾ ਕਿ 13 ਜਨਵਰੀ ਨੂੰ ਦੁੱਲੇ ਭੱਟੀ ਦੇ ਕਰੋੜਾਂ ਵਾਰਸ ਪਿੰਡਾਂ ਵਿੱਚ ਲੋਹੜੀ ਮੌਕੇ ਕਾਲੇ ਕਾਨੂੰਨਾਂ ਦੀ ਲੋਹੜੀ ਬਾਲ ਕੇ ਸੰਘਰਸ਼ ਤੇਜ਼ ਕਰਨ ਦਾ ਅਹਿਦ ਕਰਨਗੇ| ਅੱਜ ਭੁੱਖ ਹੜਤਾਲ ਉੱਪਰ ਬੈਠਣ ਵਾਲੇ ਜਥੇ ਵਿੱਚ ਪਰਮਜੀਤ ਕੌਰ ਠੀਕਰੀਵਾਲ ਦੀ ਅਗਵਾਈ ਵਿੱਚ ਸਿਰਫ਼ ਕਿਸਾਨ ਔਰਤਾਂ ਦਾ ਕਾਫ਼ਲਾ ਸ਼ਾਮਲ ਹੋਇਆ|
ਮਾਨਸਾ (ਜੋਗਿੰਦਰ ਸਿੰਘ ਮਾਨ): ਖੇਤੀ ਕਾਨੂੰਨਾਂ ਸਬੰਧੀ ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਵਿਚਕਾਰ ਅੱਠਵੇਂ ਗੇੜ ਦੀ ਗੱਲਬਾਤ ਬੇਸਿੱਟਾ ਰਹਿਣ ਤੋਂ ਮਗਰੋਂ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਗੱਲਬਾਤ ਦੇ ਨੌਵੇਂ ਗੇੜ ਦੌਰਾਨ ਮਸਲੇ ਦਾ ਹੱਲ ਨਿਕਲਣ ਦੀ ਪ੍ਰਗਟਾਈ ਆਸ ਨੂੰ ਖਾਰਜ ਕਰਦਿਆਂ ਮਾਲਵਾ ਖੇਤਰ ਦੀਆਂ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਦੋਂ ਮਸਲਾ ਅੱਠ ਮੀਟਿੰਗਾਂ ਰਾਹੀਂ ਹੱਲ ਨਹੀਂ ਹੋਇਆ ਤਾਂ ਹੁਣ ਖੇਤੀ ਮੰਤਰੀ ਅਜਿਹੇ ਬਿਆਨ ਕਿਸਾਨਾਂ ਨੂੰ ਗੁਮਰਾਹ ਕਰਨ ਲਈ ਦੇ ਰਹੇ ਹਨ।
ਕਿਸਾਨ ਜਥੇਬੰਦੀਆਂ ਵੱਲੋਂ ਮਾਨਸਾ ਦੇ ਰੇਲਵੇ ਪਾਰਕ ਵਿੱਚ ਪੱਕੇ ਮੋਰਚੇ ਦੇ 102ਵੇਂ ਦਿਨ ਕਿਸਾਨ ਆਗੂ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਕਾਨੂੰਨ ਰੱਦ ਹੋਣ ਤੋਂ ਬਾਅਦ ਹੀ ਘਰ ਵਾਪਸ ਆਉਣਗੀਆਂ।
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਰੇਲਵੇ ਸਟੇਸ਼ਨ ’ਤੇ ਲਾਏ ਧਰਨੇ ਵਿੱਚ ਭਾਕਿਯੂ ਡਕੌਂਦਾ ਵੱਲੋਂ ਰੇਲ ਮੋਰਚਾ ਅਤੇ ਭੁੱਖ ਹੜਤਾਲ ਨਿਰੰਤਰ ਜਾਰੀ ਹਨ, ਜਿਸ ਵਿੱਚ ਪਿੰਡ ਢਪਾਲੀ ਦੇ 12 ਮੈਂਬਰਾਂ ਨੇ ਭੁੱਖ ਹੜਤਾਲ ਕੀਤੀ। ਇਨਕਲਾਬੀ ਕੇਂਦਰ ਪੰਜਾਬ ਦੇ ਇਲਾਕਾ ਆਗੂ ਹਰਮੇਸ਼ ਕੁਮਾਰ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪਿੰਡ ਢਪਾਲੀ ਦੀ ਜਸਵੀਰ ਕੌਰ, ਸੁਖਦੇਵ ਕੌਰ, ਸੁਖਜਿੰਦਰ ਕੌਰ, ਹਰਪਾਲ ਕੌਰ, ਸਭਾਗ ਬੰਤੀ, ਦਰਸ਼ਨ ਸਿੰਘ, ਥਾਣਾ ਸਿੰਘ, ਸੁਰਜੀਤ ਸਿੰਘ, ਹਰਬੰਸ ਸਿੰਘ, ਨਛੱਤਰ ਸਿੰਘ ਤੇ ਮਿੱਠੂ ਸਿੰਘ ਭੁੱਖ ਹੜਤਾਲ ’ਤੇ ਬੈਠੇ।
ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਲਹਿਰਾ ਬੇਗਾ ਟੌਲ ਪਲਾਜ਼ਾ ਅਤੇ ਬੈਸਟ ਪ੍ਰਾਈਸ ਮਾਲ ਅੱਗੇ 102 ਦਿਨਾਂ ਤੋਂ ਚੱਲ ਰਹੇ ਮੋਰਚਿਆਂ ਵਿੱਚ ਔਰਤਾਂ ਅਤੇ ਬੱਚੇ ਡਟੇ ਹੋਏ ਹਨ। ਟੌਲ ਪਲਾਜ਼ਾ ਮੋਰਚੇ ਵਿੱਚ ਮੌੜ ਮੰਡੀ ਤੋਂ ਪੁੱਜੇ ਐਡਵੋਕੇਟ ਗੁਰਸੇਵਕ ਸਿੰਘ ਧਨੋਆ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸੰਸਥਾ ਕਿਸਾਨਾਂ ਦੇ ਕੇਸ ਮੁਫ਼ਤ ਲੜੇਗੀ। ਵਿਕਟੋਰੀਅਸ ਸਕੂਲ ਦੇ ਪ੍ਰਿੰਸੀਪਲ ਪਰਮਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਕਿਸਾਨਾਂ ਦੇ ਪੁੱਤਰ ਪੜ੍ਹੇ ਲਿਖੇ ਅਤੇ ਹੱਕਾਂ ਪ੍ਰਤੀ ਜਾਗਰੂਕ ਹਨ। ਇਸ ਮੌਕੇ ਆਗੂ ਮੋਠੂ ਸਿੰਘ ਕੋਟੜਾ, ਹਰਜਿੰਦਰ ਸਿੰਘ ਬੱਗੀ ਅਤੇ ਬਲਤੇਜ ਸਿੰਘ ਨੇ ਕਿਸਾਨਾਂ ਨੂੰ 12 ਜਨਵਰੀ ਨੂੰ ਪਿੰਡ ਚਾਓਕੇ ਦੇ ਸ਼ਹੀਦ ਕਿਸਾਨ ਜਸ਼ਨਪ੍ਰੀਤ ਦੇ ਸ਼ਰਧਾਂਜਲੀ ਸਮਾਗਮ ਵਿੱਚ ਵੱਧ ਤੋਂ ਵੱਧ ਗਿਣਤੀ ’ਚ ਪਹੁੰਚਣ ਦਾ ਸੱਦਾ ਦਿੱਤਾ।
ਸਮਾਲਸਰ (ਗੁਰਜੰਟ ਕਲਸੀ): ਕੇਂਦਰ ਵੱਲੋਂ ਪਾਸ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਹੋਰ ਮੰਗਾਂ ਮਨਵਾਉਣ ਲਈ ਚੰਦ ਪੁਰਾਣਾ ਟੌਲ ਪਲਾਜ਼ਾ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਾਘਾ ਪੁਰਾਣਾ ਦੇ ਜਨਰਲ ਸਕੱਤਰ ਹਰਮੰਦਰ ਸਿੰਘ ਡੇਮਰੂ ਕਲਾਂ, ਪ੍ਰਧਾਨ ਗੁਰਦਾਸ ਸਿੰਘ ਸੇਖਾ ਕਲਾਂ ਦੀ ਅਗਵਾਈ ਹੇਠ ਧਰਨਾ 102ਵੇਂ ਦਿਨ ਜਾਰੀ ਰਿਹਾ। ਦੱਸਣਯੋਗ ਹੈ ਕਿ ਇਹ ਧਰਨਾ ਨੌਜਵਾਨਾਂ, ਔਰਤਾਂ ਤੇ ਬੱਚਿਆਂ ਨੇ ਸਾਂਭਿਆ ਹੋਇਆ ਹੈ।
ਜੀਓ ਟਾਵਰ ਅੱਗੇ ਧਰਨਾ ਸਮਾਪਤ
ਨਥਾਣਾ (ਭਗਵਾਨ ਦਾਸ ਗਰਗ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਸਿੱਧੂਪੁਰ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਬਾਠ ਵਿੱਚ ਜੀਓ ਟਾਵਰ ਖਿਲਾਫ਼ ਚਲਾਇਆ ਜਾ ਰਿਹਾ ਰੋਸ ਧਰਨਾ ਅੱਜ ਸਮਾਪਤ ਕਰ ਦਿੱਤਾ ਗਿਆ। ਯੂਨੀਅਨ ਆਗੂ ਗੁਰਮੇਲ ਸਿੰਘ ਨੇ ਅੱਜ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਨੂੰ ਧਿਆਨ ’ਚ ਰੱਖਦਿਆਂ ਜਥੇਬੰਦੀ ਦੇ ਆਗੂਆਂ ਨਾਲ ਸਲਾਹ ਮਸ਼ਵਰਾ ਕਰਕੇ ਧਰਨੇ ਨੂੰ ਸਮਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਕਿਸਾਨ ਆਗੂ ਨੇ ਕਿਹਾ ਕਿ ਜੀਓ ਦੇ ਕੁਨੈਕਸ਼ਨਾਂ ਨੂੰ ਹੋਰ ਕੰਪਨੀ ਦੇ ਨੰਬਰਾਂ ਵਿੱਚ ਤਬਦੀਲ ਕਰਵਾਉਣ ਦੀ ਲੋੜ ਹੈ ਤਾਂ ਜੋ ਜੀਓ ਦੇ ਟਾਵਰ ਸਫੈਦ ਹਾਥੀ ਸਾਬਤ ਹੋਣ ਅਤੇ ਕੰਪਨੀ ਨੂੰ ਆਰਥਿਕ ਤੌਰ ’ਤੇ ਢਾਹ ਲੱਗ ਸਕੇ।