ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 3 ਦਸੰਬਰ
ਸ਼ਹਿਰ ਦੇ ਭਾਈ ਬਹਿਲੋਂ ਚੌਕ ਵਿਚ ਟਰੱਕ ਯੂਨੀਅਨ ਭਗਤਾ ਭਾਈ, ਜਲਾਲ ਤੇ ਬਾਜਾਖਾਨਾ ਨਾਲ ਸਬੰਧਤ ਟਰੱਕ ਅਪਰੇਟਰਾਂ ਵੱਲੋਂ ਟਰੱਕ ਯੂਨੀਅਨਾਂ ਬਹਾਲ ਕਰਨ, ਠੇਕੇਦਾਰੀ ਸਿਸਟਮ ਖਤਮ ਕਰਨ, ਓਵਰਲੋਡ ਬੰਦ ਕਰਨ ਆਦਿ ਮੰਗਾਂ ਨੂੰ ਲੈ ਕੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਪਹਿਲਾਂ ਟਰੱਕ ਅਪਰੇਟਰ ਟਰੱਕ ਯੂਨੀਅਨ ਭਗਤਾ ਭਾਈ ਵਿਖੇ ਇਕੱਤਰ ਹੋਏ ਅਤੇ ਸ਼ਹਿਰ ‘ਚ ਦੀ ਮਾਰਚ ਕਰਦੇ ਹੋਏ ਮੁੱਖ ਚੌਕ ਵਿੱਚ ਪਹੁੰਚੇ। ਇਸ ਸਮੇਂ ਟਰੱਕ ਯੂਨੀਅਨ ਭਗਤਾ ਦੇ ਪ੍ਰਧਾਨ ਨਿਰਭੈ ਸਿੰਘ ਨੰਬਰਦਾਰ, ਜਲਾਲ ਦੇ ਪ੍ਰਧਾਨ ਪਰਮਜੀਤ ਸਿੰਘ ਬਰਾੜ ਤੇ ਬਾਜਾਖਾਨਾ ਦੇ ਪ੍ਰਧਾਨ ਭਗਤ ਸਿੰਘ ਚਹਿਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਰੱਕ ਯੂਨੀਅਨਾਂ ਭੰਗ ਕਰ ਦਿੱਤੀਆਂ ਸਨ, ਜਿਸ ਕਰਕੇ ਟਰੱਕ ਅਪਰੇਟਰ ਸਰਕਾਰ ਦੇ ਫੈਸਲੇ ਤੋਂ ਲਗਾਤਾਰ ਨਾਰਾਜ਼ ਚੱਲ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਟਰੱਕ ਯੂਨੀਅਨ ਬਹਾਲ ਕਰਨ, ਠੇਕੇਦਾਰੀ ਸਿਸਟਮ ਖਤਮ ਕਰਕੇ ਪਹਿਲਾਂ ਵਾਂਗ ਟੈਂਡਰ ਪਾਉਣ ਦੀ ਪੁਰਾਣੀ ਸਥਿਤੀ ਬਹਾਲ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਕਿਰਾਏ ਦੇ ਰੇਟ ਮਹਿੰਗਾਈ ਦੇ ਹਿਸਾਬ ਨਾਲ ਤਹਿ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਡੀਜ਼ਲ ਅਤੇ ਸਪੇਅਰ ਪਾਰਟਸ ਦੇ ਰੇਟ ਅਸਮਾਨੀ ਚੜ੍ਹਨ ਲੱਗੇ ਹਨ ਪਰ ਟਰੱਕ ਦਾ ਕਿਰਾਇਆ ਪੁਰਾਣਾ ਹੀ ਚੱਲਿਆ ਆ ਰਿਹਾ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਅਗਰ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਸੰਜੀਵ ਰਿੰਕਾ, ਜਗਸੀਰ ਦਾਸ ਮੁਨਸ਼ੀ, ਭੁਪਿੰਦਰ ਨੰਬਰਦਾਰ, ਕਾਲਾ ਬਾਬੇਕਾ ਆਦਿ ਹਾਜ਼ਰ ਸਨ।
ਭੀਖੀ (ਕਰਨ ਭੀਖੀ): ਇਥੇ ਅਨਾਜ ਮੰਡੀ ਕੋਲ ਬੁਢਲਾਡਾ ਕੈਂਚੀਆਂ ’ਤੇ ਆਲ ਪੰਜਾਬ ਮਾਲਵਾ ਟਰੱਕ ਯੂਨੀਅਨ ਦੇ ਸੱਦੇ ’ਤੇ ਟਰੱਕ ਉਪਰੇਟਰਾਂ ਵੱਲੋਂ ਰੋਸ ਧਰਨਾ ਦਿੱਤਾ ਗਿਆ। ਟਰੱਕ ਯੂਨੀਅਨ ਦੀਆਂ ਮੰਗਾਂ ਬਾਰੇ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਠੇਕੇਦਾਰੀ ਖਤਮ ਕਰਕੇ ਟੈਂਡਰ ਟਰੱਕ ਯੂਨੀਅਨਾਂ ਨੂੰ ਦਿੱਤੇ ਜਾਣ, ਟਰੱਕ ਯੂਨੀਅਨ ਬਹਾਲ ਕਰਕੇ ਨੇਟਿਸ ਜਾਰੀ ਕੀਤਾ ਜਾਵੇ, ਬੱਸ ਕਿਰਾਏ ਵਾਂਗ ਕਿੱਲੋਮੀਟਰ ਸਕੀਮ ਲਾਗੂ ਕੀਤੀ ਜਾਵੇ, ਕੋਵਿਡ ਦੌਰਾਨ ਲੱਗੇ ਰੋਡ ਟੈਕਸ ਮੁਆਫ ਕੀਤੇ ਜਾਣ ਆਦਿ। ਇਸ ਮੌਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਿਰਫ ਐਲਾਨ ਹੀ ਕਰ ਰਿਹਾ ਲਾਗੂ ਕੁਝ ਵੀ ਨਹੀਂ ਹੋ ਰਿਹਾ।
ਧਨੌਲਾ (ਪੁਨੀਤ ਮੈਨਨ): ਇੱਥੇ ਟਰੱਕ ਆਪ੍ਰੇਟਰਾਂ ਵੱਲੋਂ ਟਰੱਕ ਯੁੂਨੀਅਨਾਂ ਬਹਾਲ ਕਰਨ ਦੀ ਮੰਗ ਕਰਦਿਆਂ ਚੱਕਾ ਜਾਮ ਕਰਕੇ ਨਾਅਰੇਬਾਜ਼ੀ ਕੀਤੀ ਗਈ। ਮਲਕੀਅਤ ਸਿੰਘ ਧਾਲੀਵਾਲ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਗੱਲ ਕਰ ਰਹੀ ਹੈ ਦੂਜੇ ਪਾਸੇ ਟਰੱਕ ਯੂਨੀਅਨਾਂ ਭੰਗ ਕਰਕੇ ਟਰੱਕ ਅਪਰੇਟਰਾਂ ਦੀ ਰੋਜ਼ੀ ਰੋਟੀ ਖੋਹ ਲਈ ਗਈ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਨਣ ਤੋਂ ਬਾਅਦ ਕੁੱਝ ਆਸ ਜਾਗੀ ਸੀ ਪਰ ਹੁਣ ਤੱਕ ਮੁੱਖ ਮੰਤਰੀ ਦੀ ਸਵੱਲੀ ਨਜ਼ਰ ਟਰੱਕ ਯੁੂਨੀਅਨਾਂ ’ਤੇ ਨਹੀਂ ਪਈ ਹੈ।