ਸ਼ਗਨ ਕਟਾਰੀਆ
ਬਠਿੰਡਾ, 8 ਜੁਲਾਈ
‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਵੱਲੋਂ ਭਖ਼ਦੇ ਮਸਲਿਆਂ ਬਾਰੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਮੁਜ਼ਾਹਰਾਕਾਰੀਆਂ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਦੇ ਨਾਂ ਮੰਗ ਪੱਤਰ ਵੀ ਦਿੱਤੇ।
ਵਿਖਾਵੇ ਦੌਰਾਨ ਆਰਐੱਮਪੀਆਈ ਦੇ ਸਾਥੀ ਮਹੀਪਾਲ, ਸੀਪੀਆਈ ਦੇ ਬਲਕਰਨ ਬਰਾੜ ਇਨਕਲਾਬੀ ਕੇਂਦਰ ਪੰਜਾਬ ਦੇ ਮੁਖਤਿਆਰ ਸਿੰਘ ਪੂਹਲਾ, ਲੋਕ ਸੰਗਰਾਮ ਮੋਰਚਾ ਦੇ ਲੋਕ ਰਾਜ ਮਹਿਰਾਜ, ਸੀਪੀਆਈ ਐੱਮਐੱਲ ਲਬਿਰੇਸ਼ਨ ਦੇ ਹਰਵਿੰਦਰ ਸੇਮਾ ਅਤੇ ਜਨਤਕ ਆਗੂ ਅਮਰਜੀਤ ਸਿੰਘ ਹਨੀ ਨੇ ਕਿਹਾ ਕਿ ਮੋਦੀ ਸਰਕਾਰ ਆਪਣੇ ਫ਼ਿਰਕੂ ਫਾਸ਼ੀ ਏਜੰਡੇ ਤਹਿਤ ਵਿਰੋਧੀ ਸੁਰਾਂ ਨੂੰ ਜਬਰ ਨਾਲ ਦਬਾਉਣ ਲਈ ਤਾਨਾਸ਼ਾਹੀ ਪਹੁੰਚ ਅਪਣਾ ਕੇ ਬੁੱਧੀਜੀਵੀਆਂ ਅਤੇ ਸੰਘਰਸ਼ੀ ਆਗੂਆਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਰਹੀ ਹੈ। ਉਨ੍ਹਾਂ ਇਸ ਰੁਝਾਨ ਨੂੰ ਰੋਕਣ, ਸੰਘੀ ਢਾਂਚੇ ਦੇ ਵਿਰੋਧੀ ਆਰਡੀਨੈਂਸ ਰੱਦ ਕਰਨ, ਬਿਜਲੀ ਐਕਟ 2020 ਵਾਪਸ ਲੈਣ, ਮੁਲਤਵੀ ਕੀਤੇ ਕਿਰਤ ਕਾਨੂੰਨ ਬਹਾਲ ਕਰਨ, ਸਿਹਤ ਤੇ ਸਿੱਖਿਆ ਸੇਵਾਵਾਂ ਦਾ ਸਰਕਾਰੀਕਰਨ ਕਰਨ ਤੋਂ ਇਲਾਵਾ ਬਠਿੰਡਾ ਦਾ ਥਰਮਲ ਪਲਾਂਟ ਚਾਲੂ ਕਰਨ, ਪ੍ਰਾਈਵੇਟ ਫਾਇਨਾਂਸ ਕੰਪਨੀਆਂ ਦੀ ਜਬਰੀ ਕਰਜ਼ਾ ਵਸੂਲੀ ਬੰਦ ਕਰਨ, ਤਾਲਾਬੰਦੀ ਦੌਰਾਨ ਵੰਡੇ ਸਰਕਾਰੀ ਰਾਸ਼ਨ ’ਚ ਹੋਏ ਘਪਲਿਆਂ ਦੀ ਜਾਂਚ, ਬੱਸ ਕਿਰਾਏ ਤੇ ਡੀਜ਼ਲ/ਪੈਟਰੋਲ ਦੀਆਂ ਵਧੀਆਂ ਕੀਮਤਾਂ ਵਾਪਸ ਲੈਣ ਸਮੇਤ ਨਿੱਜੀਕਰਨ ਦਾ ਵਰਤਾਰਾ ਬੰਦ ਕਰਨ ਦੀ ਮੰਗ ਕਰਦਿਆਂ ਤਿੱਖਾ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ।
ਫਰੀਦਕੋਟ (ਜਸਵੰਤ ਜੱਸ): ਇੱਥੇ ਫਾਸ਼ੀਵਾਦੀ ਹੱਲਿਆਂ ਵਿਰੋਧੀ ਫਰੰਟ ਪੰਜਾਬ ਵੱਲੋਂ ਸੂਬਾ ਪੱਧਰੀ ਸੱਦੇ ’ਤੇ ਆਮ ਲੋਕਾਂ ਦੀਆਂ ਮੰਗਾਂ ਤੇ ਮਸਲਿਆਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਵਿ਼ਸ਼ਾਲ ਧਰਨਾ ਲਾਇਆ ਗਿਆ। ਧਰਨੇ ਉਪਰੰਤ ਫਰੰਟ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਵੀ ਸੌਂਪਿਆ। ਧਰਨੇ ਨੂੰ ਆਰਐਮਪੀਆਈ ਦੇ ਜ਼ਿਲਾ ਸਕੱਤਰ ਗੁਰਤੇਜ ਹਰੀ ਨੌਂ, ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਬੀ ਕੇ ਯੂ ਕ੍ਰਾਂਤੀਕਾਰੀ ਦੇ ਸੂਬਾ ਮੀਤ ਪ੍ਰਧਾਨ ਲਾਲ ਸਿੰਘ ਗੌਲੇਵਾਲਾ, ਸੀ ਪੀ ਆਈ ਦੇ ਗੋਰਾ ਸਿੰਘ ਪਿਪਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਬੀਜੇਪੀ ਹਕੂਮਤ ਸਮੇਤ ਦੇਸ਼ ਦੀਆਂ ਵੱਖ ਵੱਖ ਸੂਬਾ ਸਰਕਾਰਾਂ ਵੱਲੋਂ ਲਗਾਤਾਰ ਲੋਕ ਵਿਰੋਧੀ ਕ਼ਾਨੂੰਨ ਪਾਸ ਕੀਤੇ ਜਾ ਰਹੇ ਹਨ। ਪੀ ਐੱਸ ਐੱਸ ਐਫ, ਦੇ ਜਤਿੰਦਰ ਕੁਮਾਰ, ਵਿਰਇੰਦਰ ਜੀਤ ਪੁਰੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਿਮਰਜੀਤ, ਬੀ ਕੇ ਯੂ ਕ੍ਰਾਂਤੀਕਾਰੀ ਦੇ ਸੁਰਮੁੱਖ ਅਜਿੱਤਗਿੱਲ ਨੇ ਕਿਹਾ ਕਿ ਖੇਤੀ ਸੈਕਟਰ ਵਿੱਚ ਲਿਆਂਦੇ ਤਿੰਨੇ ਆਰਡੀਨੈਂਸ ਕਿਸਾਨੀ ਨੂੰ ਬੁਰੀ ਤਰਾਂ ਤਬਾਹ ਕਰ ਦੇਣਗੇ। ਇਸ ਮੌਕੇ ਜੱਥੇਬੰਦੀ ਦੇ ਸੂਰਜ ਭਾਨ, ਨੌਜਵਾਨ ਭਾਰਤ ਸਭਾ ਦੇ ਨੌਨਿਹਾਲ ਸਿੰਘ, ਪੀ ਐੱਸ ਯੂ ਦੇ ਸਹਿਲਦੀਪ, ਪੰਜਾਬ ਪੇਨਸਰਜ ਐਸੋਸੀਏਸ਼ਨ ਦੇ ਅਸ਼ੋਕ ਕੌਸ਼ਲ ਆਦਿ ਨੇ ਵੀ ਸੰਬੋਧਨ ਕੀਤਾ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਇਥੇ ਨਵੀਂ ਅਨਾਜ ਮੰਡੀ ਵਿਖੇ ਫਾਸੀਵਾਦੀ ਹਮਲਿਆਂ ਵਿਰੋਧੀ ਫਰੰਟ ਦੇ ਸੂਬਾਈ ਸੱਦੇ ‘ਤੇ ਵਿਸ਼ਾਲ ਰੈਲੀ ਮਗਰੋਂ ਜਿਲ੍ਹਾ ਸਕੱਤਰੇਤ ਤੱਕ ਰੋਸ ਮਾਰਚ ਕੀਤਾ ਅਤੇ ਏਡੀਸੀ. ਅਨੀਤਾ ਦਰਸ਼ੀ ਰਾਹੀਂ ਮੰਗਾਂ ਲਈ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸੀਪੀਆਈ ਆਗੂ ਕਾਮਰੇਡ ਕੁਲਦੀਪ ਭੋਲਾ, ਕਾ. ਸੁਖਜਿੰਦਰ ਮਹੇਸਰੀ, ਕਾ.ਜਗਜੀਤ ਸਿੰਘ ਧੂੜਕੋਟ, ਸੀਪੀਆਈ. ਐੱਮ-ਐੱਲ (ਨਿਊ ਡੈਮੋਕਰੇਸੀ) ਵੱਲੋਂ ਕਾਮਰੇਡ ਨਿਰਭੈ ਸਿੰਘ ਢੁੱਡੀਕੇ ਅਤੇ ਕਰਮਜੀਤ ਮਾਣੂੰਕੇ, ਲੋਕ ਸੰਗਰਾਮ ਮੋਰਚਾ ਵੱਲੋਂ ਤਾਰਾ ਸਿੰਘ ਮੋਗਾ ਅਤੇ ਦਰਸ਼ਨ ਸਿੰਘ ਤੂਰ ਨੇ ਜਨਤਕ ਇਕੱਠਾ ਉੱਪਰ ਲਗਾਈ ਪਾਬੰਦੀ ਹਟਾਉਣ, ਕਾਲੇ ਕਾਨੂੰਨਾਂ ਤਹਿਤ ਗਿਰਫ਼ਤਾਰ ਜਨਤਕ-ਜਮਹੂਰੀ ਕਾਰਕੁੰਨ ਰਿਹਾਅ ਕਰਨ ਅਤੇ ਦਰਜ ਕੀਤੇ ਝੂਠੇ ਕੇਸ ਰੱਦ ਕਰਨ ਦੀ ਮੰਗ ਕੀਤੀ।