ਜਸਵੰਤ ਜੱਸ
ਫ਼ਰੀਦਕੋਟ, 28 ਫਰਵਰੀ
ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਅੱਜ ਯੂਕਰੇਨ ਉੱਪਰ ਫੌਜੀ ਹਮਲਾ ਤੁਰੰਤ ਰੋਕੇ ਜਾਣ ਅਤੇ ਨਾਟੋ ਦੇ ਫੌਜੀ ਵਿਸਥਾਰ ਦੀ ਯੋਜਨਾ ਸਮੇਤ ਸਾਮਰਾਜੀ ਫੌਜੀ ਗਠਜੋੜ ਭੰਗ ਕੀਤੇ ਜਾਣ ਅਤੇ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਮੰਗ ਕਰਦਿਆਂ ਫ਼ਰੀਦਕੋਟ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਨੌਨਿਹਾਲ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਧੀਰਜ ਕੁਮਾਰ ਨੇ ਯੂਕਰੇਨ ਦੇ ਪੀੜਤ ਲੋਕਾਂ ਨਾਲ ਇੱਕਮੁੱਠਤਾ ਪ੍ਰਗਟ ਕਰਦੇ ਹੋਏ ਇਸ ਜੰਗ ਨੂੰ ਸਾਮਰਾਜੀ ਹਿੱਤਾਂ ਤੋਂ ਪ੍ਰੇਰਿਤ ਦੱਸਿਆ ਅਤੇ ਕਿਹਾ ਕਿ ਸਾਮਰਾਜੀ ਸ਼ਕਤੀਆਂ ਵੱਲੋਂ ਦੁਨੀਆਂ ਦੇ ਕੁਦਰਤੀ ਸੋਮਿਆਂ ਦੀ ਲੁੱਟ-ਖਸੁੱਟ ਕਰਨ ਅਤੇ ਕਰੋੜਾਂ-ਅਰਬਾਂ ਮਿਹਨਤਕਸ਼ ਲੋਕਾਂ ਵਿਰੁੱਧ ਜਾਰੀ ਆਪਣੀਆਂ ਸਾਜ਼ਿਸ਼ਾਂ ਲਈ ਯੁਕਰੇਨ ਨੂੰ ਆਪਣਾ ਨਵਾਂ ਸ਼ਿਕਾਰ ਬਣਾਇਆ ਹੈ। ਇਸ ਨਿਹੱਕੀ ਜੰਗ ਕਾਰਨ ਯੂਕਰੇਨ ਸਮੇਤ ਦੁਨੀਆਂ ਦੇ ਕਰੋੜਾਂ ਲੋਕ ਸਿੱਧੇ-ਅਸਿੱਧੇ ਢੰਗ ਨਾਲ ਇਸ ਤੋਂ ਪ੍ਰਭਾਵਿਤ ਹੋਣਗੇ। ਇਸ ਮੌਕੇ ਨੌਜਵਾਨ ਚੇਤਨਾ ਸੱਥ ਦੇ ਲਵਪ੍ਰੀਤ ਸਿੰਘ ਫੇਰੋਕੇ, ਅਮਨਦੀਪ ਕੌਰ ਖੀਵਾ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂ ਜਤਿੰਦਰ ਕੁਮਾਰ, ਵੀਰਇੰਦਰਜੀਤ ਪੁਰੀ, ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਆਗੂ ਗੁਰਦਿਆਲ ਭੱਟੀ, ਸਰਦੂਲ ਸਿੰਘ, ਰਜਿੰਦਰ ਕਿੰਗਰਾ, ਸੁਖਪ੍ਰੀਤ ਮੌੜ, ਹਰਵੀਰ ਕੌਰ ਗੰਧੜ ਹਾਜ਼ਰ ਸਨ।
ਬਰਨਾਲਾ (ਪਰਸ਼ੋਤਮ ਬੱਲੀ): ਮਜ਼ਦੂਰ ਮੁਕਤੀ ਮੋਰਚਾ ਤੇ ਸੀ.ਪੀ.ਆਈ. (ਐੱਮ.ਐੱਲ) ਲਬਿਰੇਸ਼ਨ ਵੱਲੋਂ ਸਥਾਨਕ ਬਾਲਮੀਕ ਚੌਕ ਵਿਖੇ ਰੂਸ ਵੱਲੋਂ ਯੂਕਰੇਨ ’ਤੇ ਕੀਤੇ ਹਮਲੇ ਦੇ ਖਿਲਾਫ਼ ਪ੍ਰਦਰਸ਼ਨ ਕੀਤਾ। ਸੂਬਾ ਕਮੇਟੀ ਮੈਂਬਰ ਸ਼ਿਗਾਰਾ ਸਿੰਘ ਚੁਹਾਣਕੇ, ਨਾਨਕ ਸਿੰਘ ਤਪਾ, ਰੌਸ਼ਨ ਸਿੰਘ ਧੌਲਾ ਤੇ ਗੁਰਸੇਵਕ ਸਿੰਘ ਨੇ਼ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕੀਤਾ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਇਥੇ ਜਨਤਕ ਜਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ, ਪੇਂਡੂ ਮਜ਼ਦੂਰ ਯੂਨੀਅਨ, ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਯੂਕਰੇਨ ‘ਤੇ ਰੂਸੀ ਹਮਲੇ ਦੇ ਵਿਰੋਧ ‘ਚ ਸ਼ਹਿਰ ਦੇ ਨੇਚਰ ਪਾਰਕ ਵਿਖੇ ਰੋਸ ਰੈਲੀ ਬਾਅਦ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਕਰਮਜੀਤ ਮਾਣੂੰਕੇ, ਮੰਗਾ ਸਿੰਘ ਵੈਰੋਕੇ, ਜਸਪ੍ਰੀਤ ਸਿੰਘ ਰਾਜੇਆਣਾ ਨੇ ਸੰਬੋਧਨ ਕੀਤਾ।
ਰੂਸ ਵੱਲੋਂ ਕੀਤੇ ਜਾ ਰਹੇ ਹਮਲੇ ਫੌਰੀ ਬੰਦ ਹੋਣ: ਲਬਿਰੇਸ਼ਨ
ਭੀਖੀ (ਕਰਨ ਭੀਖੀ): ਸੀਪੀਆਈ (ਐਮ ਐਲ) ਲਬਿਰੇਸ਼ਨ ਵੱਲੋਂ ਰੂਸੀ ਫੌਜਾਂ ਵੱਲੋਂ ਯੂਕਰੇਨ ਉੱਤੇ ਕੀਤੀ ਜਾ ਰਹੀ ਬੰਬਾਰੀ, ਅਮਰੀਕੀ ਸਾਮਰਾਜ ਤੇ ਨਾਟੋ ਵੱਲੋਂ ਯੂਕਰੇਨ ਦੇ ਬਹਾਨੇ ਕੀਤੀ ਜਾ ਰਹੀ ਦਖਲਅੰਦਾਜ਼ੀ ਖਿਲਾਫ਼ ਅਤੇ ਤੁਰੰਤ ਜੰਗਬੰਦੀ ਕਰਕੇ ਮਸਲੇ ਦਾ ਸ਼ਾਂਤਮਈ ਹੱਲ ਕਰਨ ਤੇ ਯੂਕਰੇਨ ’ਚ ਭਾਰਤੀ ਕਿਰਤੀਆਂ ਤੇ ਵਿਦਿਆਰਥੀਆਂ ਦੀ ਸੁਰੱਖਿਆ ਤੇ ਵਾਪਸੀ ਦੀ ਗਾਰੰਟੀ ਦੀ ਮੰਗ ਨੂੰ ਲੈ ਸੂਬੇ ਭਰ ’ਚ ਦਿੱਤੇ ਗਏ ਸੱਦੇ ਤਹਿਤ ਅੱਜ ਭੀਖੀ ਵਿਖੇ ਪ੍ਰਦਰਸ਼ਨ ਕਰਕੇ ਅਮਰੀਕੀ ਸਾਮਰਾਜ ਤੇ ਰੂਸ ਦੀ ਜੰਗਬਾਜ਼ ਪਹੁੰਚ ਦਾ ਪੁਤਲਾ ਸਾੜਿਆ ਗਿਆ।
ਯੂਕਰੇਨ ’ਚ ਲੰਗਰ ਲਾਉਣ ਵਾਲੇ ਵਿਦਿਆਰਥੀ ਦੀ ਸ਼ਲਾਘਾ
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਯੂਕਰੇਨ ਦੇ ਖਾਰਕੀਵ ਸ਼ਹਿਰ ਵਿਚ ਪੜ੍ਹ ਰਹੇ ਖੇਤਰ ਦੇ ਪਿੰਡ ਸਕਤਾਖੇੜਾ ਦੇ ਵਿਦਿਆਰਥੀ ਹਰਜੀਤ ਸਿੰਘ ਵੱਲੋਂ ਆਪਣੀ ਕਾਲਜ ਦੀ ਫੀਸ ਤੇ ਹੋਸਟਲ ਦੇ ਖਰਚੇ ਲਈ ਰੱਖੇ ਪੈਸਿਆਂ ਦਾ ਯੂਕਰੇਨ ਦੇ ਰੇਲਵੇ ਤੇ ਬੰਕਰਾਂ ’ਚ ਫਸੇ ਭੁੱਖਣ ਭਾਣੇ ਵਿੱਦਿਆਰਥੀਆਂ ਲਈ ਲੰਗਰ ਲਾ ਲਾਉਣ ਦਾ ਵੱਖ-ਵੱਖ ਸੰਸਥਾਵਾਂ ਵੱਲੋਂ ਸਵਾਗਤ ਕੀਤਾ ਗਿਆ ਹੈ। ਪੁਸਤਕ ਸਭਿਆਚਾਰ ਵਿਕਾਸ ਮੰਚ ਪੰਜਾਬ ਦੇ ਪ੍ਰਧਾਨ ਤੇ ਸੀਨੀਅਰ ਪੱਤਰਕਾਰ ਨਿਰੰਜਣ ਸਿੰਘ ਪ੍ਰੇਮੀ, ਮਹਾਂ ਪੰਜਾਬ ਸਾਹਿਤ ਸਭਾ ਦੇ ਜਰਨਲ ਸਕੱਤਰ ਗਗਨਦੀਪ ਸਿੰਘ ਖਾਲਸਾ, ਰਾਜਸੀ ਮਾਹਿਰ ਤੇ ਸਮਾਜਸੇਵੀ ਬਾਬੂ ਸਿੰਘ ਬਰਾੜ ਫਰੀਦਕੋਟ, ਪੁਸਤਕ ਸਭਿਆਚਾਰ ਵਿਕਾਸ ਮੰਚ ਹਿਮਾਚਲ ਪ੍ਰਦੇਸ ਦੇ ਪ੍ਰਧਾਨ ਅਰੁਣ ਸ਼ਰਮਾ, ਰਾਸ਼ਟਰੀ ਜਨਹਿੱਤ ਗ੍ਰੰਥਾਲਿਆ ਸਭਾ ਦੇ ਕੌਮੀ ਮੀਤ ਪ੍ਰਧਾਨ ਵੀ. ਬੀ. ਜੈਨ, ਹਰਿਆਣਾ ਪੁਸਤਕ ਸੱਭਿਆਚਾਰ ਵਿਕਾਸ ਮੰਚ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ, ਮੰਚ ਦੇ ਜਰਨਲ ਸਕੱਤਰ ਹਰਗੋਬਿੰਦ ਸਿੰਘ ਆਦਿ ਨੇ ਹਰਜੀਤ ਸਿੰਘ ਭਾਰਤ ਪੁੱਜਣ ’ਤੇ ਉਸ ਦਾ ਸਨਮਾਨ ਕੀਤਾ ਜਾਵੇਗਾ।