ਪਰਮਜੀਤ ਸਿੰਘ
ਫਾਜਿਲਕਾ, 18 ਅਗਸਤ
ਪੰਜਾਬ ਤੇ ਯੂਟੀ ਮੁਲਾਜ਼ਮਾਂ ਦੇ ਸਾਂਝੇ ਮੋਰਚੇ ਦੇ ਸੂਬਾਈ ਸੱਦੇ ‘ਤੇ ਅੱਜ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਜ਼ਿਲ੍ਹਾ ਫ਼ਾਜ਼ਿਲਕਾ ਵੱਲੋਂ ਦਵਿੰਦਰ ਕਲੇਰ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ’ਚ ਸਥਾਨਕ ਡੀਸੀ ਦਫਤਰ ਸਾਹਮਣੇ ਪੰਜਾਬ ਦੇ ਮੁਲਾਜ਼ਮਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਮੰਗਾਂ ਨੂੰ ਲੈ ਕੇ ਸਰਕਾਰ ਦੇ ਨਕਰਾਤਮਕ ਰਵੱਈਏ ਖ਼ਿਲਾਫ਼ ਮਨਿਸਟੀਰੀਅਲ ਕਾਮਿਆ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 18 ਦੇ ਸਮੁੱਚੇ ਪੰਜਾਬ ਬੰਦ ਤੋਂ ਬਾਅਦ 19 ਤੋਂ 21 ਤੱਕ ਪੰਜਾਬ ਦਾ ਸਮੁੱਚਾ ਕਲੈਰੀਕਲ ਸਮੂਹਿਕ ਛੁੱਟੀ ’ਤੇ ਜਾਵੇਗਾ ਅਤੇ ਸਰਕਾਰ ਦਾ ਸਾਰਾ ਕੰਮ ਠੱਪ ਕਰ ਦੇਵੇਗਾ।
ਇਸ ਮੌਕੇ ਹਰਭਜਨ ਸਿੰਘ ਖੁੰਗਰ ਜ਼ਿਲ੍ਹਾ ਸਰਪ੍ਰਸਤ ਪੀ.ਐੱਸ.ਐੱਮ.ਯੂ ਨੇ ਸਰਕਾਰ ਦੇ ਮੁਲਾਜ਼ਮ ਮਾਰੂ ਫੈਸਲਿਆਂ ਦੀ ਨਿਖੇਧੀ ਕਰਦਿਆ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਨਬਿੇੜਾ ਕਰੇ। ਇਸ ਮੌਕੇ ਗੌਰਵ ਸੇਤੀਆ ਸੀਨੀਅਰ ਮੀਤ ਪ੍ਰਧਾਨ ਖਜਾਨਾ ਵਿਭਾਗ, ਰਾਜਨ ਕੰਬੋਜ ਵਿੱਤ ਸਕੱਤਰ, ਵਿਵੇਕ ਆਬਕਾਰੀ ਵਿਭਾਗ, ਸੁਖਦੇਵ ਚੰਦ, ਮਨਜੀਤ ਸਿੰਘ ਸੁਪਰਡੈਂਟ ਗ੍ਰੇਡ-1, ਰਜਿੰਦਰ ਸਿੰਘ, ਜਗਜੀਤ ਸਿੰਘ, ਆਦਿ ਨੇ ਸੰਬੋਧਨ ਕੀਤਾ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਪੰਜਾਬ ਸਰਕਾਰ ਦੇ ਮਨਿਸਟਰੀਅਲ ਕਾਮਿਆਂ ਨੇ 21 ਅਗਸਤ ਤੱਕ ਸਮੂਹਿਕ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਜਿਸ ਕਰਕੇ ਦਫਤਰਾਂ ‘ਚ ਕੰਮ ਕਰਾਉਣ ਵਾਲੇ ਲੋਕਾਂ ਨੂੰ ਹੋਰ ਹਫਤਾ ਭਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ 7 ਅਗਸਤ ਤੋਂ ਪਹਿਲਾਂ ਹੀ ਕਲਮ ਛੋੜ ਹੜਤਾਲ ਚੱਲ ਰਹੀ ਸੀ। ਅੱਜ ਕੀਤੇ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਪੀਐੱਸਐੱਮਯੂ ਦੇ ਆਗੂ ਕਰਮਜੀਤ ਸ਼ਰਮਾ ਤੇ ਵਰਿੰਦਰ ਢੋਸੀਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਕਰੋਨਾ ਦੀ ਆੜ ਵਿੱਚ ਅਣਦੇਖਿਆ ਕੀਤਾ ਜਾ ਰਿਹਾ ਹੈ।
ਆਗੂਆਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹਰ ਰੋਜ਼ ਨਵੇਂ ਫਰਮਾਨ ਜਾਰੀ ਕਰਨੇ ਬੰਦ ਨਾ ਕੀਤੇ ਗਏ ਤੇ ਮੁਲਾਜ਼ਮ ਜਥੇਬੰਦੀ ਨਾਲ ਗੱਲਬਾਤ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ‘ਚ ਸੰਘਰਸ਼ ਨੂੰ ਹਰ ਰੋਜ਼ ਹੋਰ ਤੇਜ਼ ਕੀਤਾ ਜਾਵੇਗਾ।
ਬਠਿੰਡਾ (ਸ਼ਗਨ ਕਟਾਰੀਆ): ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਅੱਜ ਇੱਥੇ ਹੋਈ ਮੀਟਿੰਗ ’ਚ ਆਪਣੀਆਂ ਮੰਗਾਂ ਸਰਕਾਰ ਤੋਂ ਮੰਨਵਾਉਣ ਲਈ ਸੰਘਰਸ਼ ਪ੍ਰਚੰਡ ਕਰਨ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ’ਚ ਸੂਬਾਈ ਕਮੇਟੀ ਵੱਲੋਂ 19 ਅਗਸਤ ਨੂੰ ਰਾਜ ਦੇ ਕਲੈਰੀਕਲ ਕਾਮਿਆਂ ਦੇ ਸਮੂਹਿਕ ਛੁੱਟੀ ’ਤੇ ਜਾਣ ਦੇ ਫੈਸਲੇ ’ਤੇ ਸਹੀ ਪਾਉਂਦਿਆਂ ਇਸ ਨੂੰ ਇਕਜੁਟ ਹੋ ਕੇ ਸਫ਼ਲ ਬਣਾਉਣ ਲਈ ਵਿਉਂਤਬੰਦੀ ਕੀਤੀ ਗਈ।
ਜਥੇਬੰਦੀ ਵੱਲੋਂ ਆਪਣੇ ਸਮੂਹ ਮੈਂਬਰਾਂ ਨੂੰ ਤਾਕੀਦ ਕੀਤੀ ਗਈ ਕਿ ਛੁੱਟੀ ਦੇ ਤਿੰਨ ਦਿਨਾਂ ਦੌਰਾਨ ਸਰਕਾਰੀ ਕੰਮਕਾਜ ਬਿਲਕੁਲ ਠੱਪ ਕੀਤਾ ਜਾਵੇ। ਇਹ ਵੀ ਕਿਹਾ ਗਿਆ ਕਿ ਮੰਗਾਂ ਨਾ ਮੰਨੇ ਜਾਣ ’ਤੇ 22 ਅਗਸਤ ਨੂੰ ਜਥੇਬੰਦੀ ਸੂਬਾ ਪੱਧਰੀ ਮੀਟਿੰਗ ਕਰਕੇ ਮੁਲਾਜ਼ਮਾਂ ਦੀਆਂ ਇਕ ਸੈਂਕੜਾ ਜਥੇਬੰਦੀਆਂ ਦੀ ਹਮਾਇਤ ਨਾਲ ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਦੇ ਝੰਡੇ ਹੇਠ ਵੱਡੇ ਸੰਘਰਸ਼ ਦਾ ਬਿਗਲ ਵਜਾਵੇਗੀ।
ਕਾਮਿਆਂ ਦੇ ਹੱਕ ’ਚ ਨਿੱਤਰੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ
ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਅਤੇ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸੰਘਰਸ਼ ਕਮੇਟੀ ਜ਼ਿਲ੍ਹਾ ਮਾਨਸਾ ਵੱਲੋਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਲੈ ਕੇ ਬੱਸ ਸਟੈਂਡ ਤੱਕ ਸਰਕਾਰ ਖ਼ਿਲਾਫ਼ ਰੋਸ ਰੈਲੀ ਕੀਤੀ ਗਈ। ਬੁਢਲਾਡਾ ਹਲਕਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਰੋਸ ਰੈਲੀ ਦੀ ਪੂਰਨ ਹਮਾਇਤ ਦਾ ਐਲਾਨ ਕੀਤਾ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਸਦੀਪ ਸਿੰਘ ਚਹਿਲ ਨੇ ਦੱਸਿਆ ਕਿ ‘ਆਪ’ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਖ਼ੁਦ ਧਰਨੇ ’ਚ ਆ ਕੇ ਸੰਬੋਧਨ ਕਰਦਿਆਂ ਮੁਲਾਜ਼ਮਾਂ ਨੂੰ ਭਰਪੂਰ ਸਮਰਥਨ ਦਿੱਤਾ। ਇਸ ਦੇ ਨਾਲ ਹੀ ਇਸ ਰੈਲੀ ਵਿੱਚ ਅਧਿਆਪਕ ਦਲ, ਪੈਨਸ਼ਨਰ ਜਥੇਬੰਦੀਆਂ ਵੱਲੋਂ ਭਰਪੂਰ ਸਮਰੱਥਨ ਕੀਤਾ ਗਿਆ।