ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 30 ਜੂਨ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੇ ਸੱਦੇ ’ਤੇ ਤਰਸੇਮ ਭੱਠਲ ਜ਼ਿਲਾ ਪ੍ਰਧਾਨ ਅਤੇ ਰਵਿੰਦਰ ਸ਼ਰਮਾ ਜਰਨਲ ਸਕੱਤਰ ਦੀ ਅਗਵਾਈ ਵਿੱਚ ਸਮੂਹ ਵਿਭਾਗਾਂ ਦੇ ਮਨਿਸਟੀਰੀਅਲ ਕਾਮਿਆਂ ਵੱਲੋੋਂ ਦਫ਼ਤਰ ਡਿਪਟੀ ਕਮਿਸ਼ਨਰ ਅੱਗੇ ਗੇਟ ਰੈਲੀ ਕੀਤੀ ਗਈ। ਮਨਿਸਟੀਰੀਅਲ ਮੁੁਲਾਜਮਾਂ ਵੱਲੋਂ ਕਲਮ ਛੋੜ ਹੜਤਾਲ ਦੇ 9ਵੇਂ ਦਿਨ ਗੇਟ ਰੈਲੀ ਕਰਨ ਮੌਕੇ ਰੇਸ਼ਮ ਸਿੰਘ ਪ੍ਰਧਾਨ ਡੀਸੀ ਦਫ਼ਤਰ , ਗਗਨ ਵਾਟਰ ਸਪਲਾਈ, ਹਰਪਾਲ ਸਿੰਘ ਡੀਸੀ ਦਫ਼ਤਰ, ਜਤਿੰਦਰ ਸਿੰਘ ਹੈਲਥ ਵਿਭਾਗ, ਤਰਸੇਮ ਬਰੇਟਾ ਸਿੱਖਿਆ ਵਿਭਾਗ ਹਾਜ਼ਰ ਸਨ।
ਗਿੱਦੜਬਾਹਾ (ਪੱਤਰ ਪ੍ਰੇਰਕ): ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਗਏ ਪੇਅ ਕਮਿਸ਼ਨ ਦੀ ਰਿਪੋਰਟ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕਲਮ ਛੋੜ ਹੜਤਾਲ ਜਾਰੀ ਰੱਖਦੇ ਹੋਏ ਸਾਰੇ ਸਰਕਾਰੀ ਦਫਤਰਾਂ ਅਤੇ ਫੀਲਡ ਦਾ ਕੰਮ ਕਾਜ ਠੱਪ ਰੱਖਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਜਿੰਦਰ ਸਿੰਘ ਪ੍ਰਧਾਨ ਪੰਚਾਇਤ ਸਕੱਤਰ, ਵੀਡੀਓ ਯੂਨੀਅਨ ਬਲਾਕ ਗਿੱਦੜਬਾਹਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਰਿਪੋਰਟ ਨੂੰ ਲਾਗੂ ਕਰਦੇ ਹੋਏ ਕਰਮਚਾਰੀਆਂ ਦੇ ਹਿੱਤਾਂ ਨੂੰ ਧਿਆਨ ਵਿਚ ਨਹੀਂ ਰੱਖਿਆ ਗਿਆ ਅਤੇ ਕਰਮਚਾਰੀਆਂ ਨੂੰ ਕੁਝ ਦੇਣਾ ਤਾਂ ਦੂਰ ਉਨ੍ਹਾਂ ਨੂੰ ਮਿਲਦੇ ਪੁਰਾਣੇ ਭੱਤੇ ਵੀ ਖੋਹ ਲਏ ਹਨ। ਉਨ੍ਹਾਂ ਕਿਹਾ ਕਿ ਇਹ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਸਰਕਾਰ ਕਰਮਚਾਰੀਆਂ ਨੂੰ ਬਣਦੇ ਭੱਤਿਆਂ ਸਮੇਤ 6ਵੇਂ ਪੇਅ ਕਮਿਸਨ ਦੀ ਰਿਪੋਰਟ ਸੋਧ ਕਰਕੇ ਜਾਰੀ ਨਹੀਂ ਕਰਦੀ। ਇਸ ਮੌਕੇ ਜਸਕਰਨ ਸਿੰਘ ਸੁਪਰਡੈਂਟ, ਮਲਕੀਤ ਸਿੰਘ ਪੰਚਾਇਤ ਅਫਸਰ, ਸੁਖਵੰਤ ਸਿੰਘ ਪੰਚਾਇਤ ਸਕੱਤਰ, ਪਰਮਜੀਤ ਸਿੰਘ ਵੀਡੀਓ, ਜਲੌਰ ਸਿੰਘ ਵੀਡੀਓ ਸ਼ਾਮਲ ਹੋਏ।
ਮਾਨਸਾ (ਪੱਤਰ ਪ੍ਰੇਰਕ): ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਦੀ ਮਾਨਸਾ ਜ਼ਿਲ੍ਹਾ ਇਕਾਈ ਨਾਲ ਜੁੜੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਆਪਣੇ-ਆਪਣੇ ਦਫਤਰਾਂ ਵਿੱਚ ਹੀ ਰਹਿ ਕੇ ਪੰਜਾਬ ਸਰਕਾਰ ਖਿਲਾਫ਼ 10ਵੇ ਦਿਨ ਕਲਮ ਛੋੜ ਹੜਤਾਲ ਅਤੇ ਗੇਟ ਰੈਲੀਆਂ ਕਰਦਿਆਂ ਕੈਪਟਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਉਧਰ ਮਨਿਸਟੀਰੀਅਲ ਕਾਮਿਆਂ ਦੀ ਇਸ ਹੜਤਾਲ ਕਾਰਨ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਦੇ ਦਫ਼ਤਰਾਂ ਵਿੱਚ ਆਮ ਲੋਕਾਂ ਦੇ ਕੰਮ ਨਾ ਹੋਣ ਕਾਰਨ ਹਰ-ਰੋਜ਼ ਭਰੇ ਮਨਾਂ ਨਾਲ ਵਾਪਸ ਮੁੜਨਾ ਪੈ ਰਿਹਾ ਹੈ। ਇਸ ਮੌਕੇ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਸਦੀਪ ਸਿੰਘ ਚਹਿਲ, ਸੰਦੀਪ ਸਿੰਘ,ਰਵਿੰਦਰਪਾਲ ਸਿੰਘ, ਮਨਦੀਪ ਸਿੰਘ, ਨਰਿੰਦਰ ਨਿੰਦੀ, ਪਰਵਾਜ ਪਾਲ ਸਿੰਘ, ਜਸਵੰਤ ਸਿੰਘ ਮੋਜੋ, ਪ੍ਰਤਾਪ ਸਿੰਘ, ਗੁਰਦਰਸ਼ਨ ਸਿੰਘ,ਮਨਜੀਤ ਕੌਰ, ਸੁਖਪ੍ਰੀਤ ਸਿੰਘ, ਸੁਨੀਤਾ ਰਾਣੀ ਨੇ ਵੀ ਸੰਬੋਧਨ ਕੀਤਾ।