ਰਾਜਿੰਦਰ ਕੁਮਾਰ
ਬਲੂਆਣਾ (ਅਬੋਹਰ) 24 ਨਵੰਬਰ
ਏਸ਼ੀਆ ਦੀ ਸਭ ਤੋਂ ਵੱਡੀ ਕਿੰਨੂ ਮੰਡੀ ਵਿੱਚ ਕਿਸਾਨਾਂ ਨੂੰ ਫਸਲ ਦਾ ਬਣਦਾ ਭਾਅ ਨਾ ਮਿਲਣ ’ਤੇ ਅੱਜ ਗੁੱਸੇ ਵਿਚ ਆਏ ਬਾਗਬਾਨਾਂ ਨੇ ਫਾਜ਼ਿਲਕਾ ਰੋਡ ’ਤੇ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਹਾਈਵੇਅ ਜਾਮ ਕਰਕੇ ਬੈਠੇ ਬਾਗਬਾਨਾਂ ਦੇ ਆਗੂ ਭੁਪਿੰਦਰ ਸਿੰਘ ਢਿੱਲੋਂ, ਸੁਖਵੰਤ ਸਿੰਘ ਚੀਨਾ, ਗੁਰਗੁਲਾਬ ਸਿੰਘ ਅਤੇ ਜਰਨੈਲ ਸਿੰਘ ਆਦਿ ਨੇ ਦੱਸਿਆ ਕਿ ਦੇਸ਼ ਵਿਚ ਫ਼ਾਜ਼ਿਲਕਾ ਜ਼ਿਲ੍ਹਾ ਕਿੰਨੂ ਉਤਪਾਦਨ ਦੇ ਖੇਤਰ ਵਿੱਚ ਮੋਹਰੀ ਮੰਨਿਆ ਜਾਂਦਾ ਹੈ ਅਤੇ ਇਸ ਇਲਾਕੇ ਦਾ ਕਿੰਨੂ ਦੁਨੀਆ ਦੇ ਕਈ ਮੁਲਕਾਂ ਵਿੱਚ ਭੇਜਿਆ ਜਾਂਦਾ ਹੈ। ਐਕਸਪੋਰਟ ਕੁਆਲਿਟੀ ਦੇ ਕਿਨੂੰ ਤਿਆਰ ਕਰਨ ਵਾਲਾ ਕਿਸਾਨ ਫ਼ਸਲ ਦਾ ਪੂਰਾ ਮੁੱਲ ਨਾ ਮਿਲਣ ’ਤੇ ਰੋ ਰਿਹਾ ਹੈ। ਬਾਗਬਾਨਾਂ ਨੇ ਦੱਸਿਆ ਕਿ ਵਪਾਰੀਆਂ ਅਤੇ ਆੜ੍ਹਤੀਆਂ ਦੇ ਆਪਸੀ ਤਾਲਮੇਲ ਦੇ ਚਲਦੇ ਕਿਸਾਨਾਂ ਦੀ ਮੰਡੀ ਵਿੱਚ ਲੁੱਟ ਹੋ ਰਹੀ ਹੈ। ਇਸ ਕਰਕੇ ਕਿਸਾਨਾਂ ਨੂੰ ਆਪਣੀ ਫਸਲ ਦਾ ਬਣਦਾ ਭਾਅ ਨਹੀਂ ਮਿਲ ਰਿਹਾ। ਬਾਗਬਾਨ ਆਗੂਆਂ ਅਨੁਸਾਰ ਬਣਦਾ ਭਾਅ ਨਾ ਮਿਲਣ ’ਤੇ ਕਿਸਾਨ ਆਪਣਾ ਕਿਨੂੰ ਮੰਡੀ ਵਿੱਚ ਕੌਡੀਆਂ ਦੇ ਭਾਅ ਵੇਚਣ ਨੂੰ ਮਜਬੂਰ ਹਨ। ਉਪਰੋਕਤ ਆਗੂਆਂ ਨੇ ਦੱਸਿਆ ਕਿ ਅਬੋਹਰ ਦੀ ਅਨਾਜ ਮੰਡੀ ਵਿੱਚ ਬਣਾਏ ਕਿਨੂੰ ਖ਼ਰੀਦ ਕੇਂਦਰ ਵਿੱਚ ਵੀ ਵਪਾਰੀਆਂ ਦਾ ਬੋਲਬਾਲਾ ਹੈ। ਬਾਹਰੋਂ ਆਏ ਵਪਾਰੀ ਅਤੇ ਲੋਕਲ ਆੜ੍ਹਤੀਆ ਦੇ ਆਪਸੀ ਤਾਲਮੇਲ ਦੇ ਚੱਲਦੇ ਕਿਸਾਨਾਂ ਨੂੰ ਬਹੁਤ ਹੀ ਘੱਟ ਭਾਅ ’ਤੇ ਕਿਨੂੰ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਬਾਬਤ ਵਾਰ ਵਾਰ ਪ੍ਰਸ਼ਾਸਨ ਨੂੰ ਜਾਣੂ ਕਰਵਾਉਣ ਉਪਰੰਤ ਵੀ ਕਿਨੂੰ ਦਾ ਬਣਦਾ ਭਾਅ ਕਿਸਾਨਾਂ ਨੂੰ ਨਹੀਂ ਮਿਲ ਰਿਹਾ। ਬਾਗਬਾਨਾਂ ਨੇ ਕਿਹਾ ਕਿ ਜਦ ਤਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਤੇ ਪ੍ਰਸ਼ਾਸਨ ਵਪਾਰੀਆਂ ਅਤੇ ਆੜ੍ਹਤੀਆਂ ’ਤੇ ਨਕੇਲ ਨਹੀਂ ਕੱਸਦਾ ਉਦੋਂ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ।