ਪੱਤਰ ਪ੍ਰੇਰਕ
ਨਥਾਣਾ, 3 ਜੂਨ
ਪਿੰਡ ਕਲਿਆਣ ਸੁੱਖਾ ਦੇ ਲੋਕਾਂ ਵੱਲੋਂ ਛੱਪੜ ’ਚੋਂ ਮਿੱਟੀ ਪੁੱਟਣ ਮਾਮਲੇ ਨੂੰ ਲੈ ਕੇ ਨਥਾਣਾ ਭਗਤਾ ਮੁੱਖ ਸੜਕ ’ਤੇ ਫੋਕਲ ਪੁਆਇੰਟ ਕੋਲ ਧਰਨਾ ਲਾ ਕੇ ਸੜਕੀ ਆਵਾਜਾਈ ਠੱਪ ਕੀਤੀ। ਲੋਕਾਂ ਨੇ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਖਿਲਾਫ਼ ਵੀ ਨਾਅਰੇਬਾਜ਼ੀ ਕੀਤੀ। ਪਿੰਡ ਦੇ ਵੱਡੇ ਗੁਰਦੁਆਰੇ ਕੋਲ ਛੱਪੜ ਦੀ ਪੁਟਾਈ ਦੇ ਮਾਮਲੇ ਨੂੰ ਲੈ ਕੇ ਪੰਚਾਇਤ ਅਤੇ ਵਿਰੋਧੀ ਧਿਰ ਵਿਚਕਾਰ ਵਿਵਾਦ ਬਣਿਆ ਹੋਇਆ ਹੈ। ਪੰਚਾਇਤ ਵੱਲੋਂ ਛੱਪੜ ਦੀ ਪੁਟਾਈ ਕਰਵਾਈ ਜਾ ਰਹੀ ਸੀ ਕਿ ਵਿਰੋਧੀ ਧਿਰ ਨੇ ਉਨ੍ਹਾਂ ਨੂੰ ਰੋਕ ਦਿੱਤਾ। ਮਜ਼ਦੂਰ ਮੁਕਤੀ ਮੋਰਚਾ ਨਾਲ ਸਬੰਧਤ ਵਰਕਰਾਂ ਦਾ ਕਹਿਣਾ ਹੈ ਕਿ ਇਸ ਛੱਪੜ ’ਤੇ ਕੁਝ ਰਸੂਖਵਾਨ ਲੋਕਾਂ ਵੱਲੋਂ ਕਬਜ਼ਾ ਕੀਤਾ ਹੋਇਆ ਹੈ ਜਿਸ ਕਾਰਨ ਉਹ ਇਸ ਦੀ ਪੁਟਾਈ ਵਿੱਚ ਅੜਿੱਕਾ ਡਾਹ ਰਹੇ ਹਨ। ਦੂਜੇ ਪਾਸੇ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਸ ਸਬੰਧੀ ਅਦਾਲਤ ਦਾ ਸਟੇਅ ਹੈ। ਸਥਾਨਕ ਥਾਣਾ ਮੁਖੀ ਨਰਿੰਦਰ ਕੁਮਾਰ ਨੇ ਕਿਹਾ ਕਿ ਦੂਜੇ ਧਿਰ ਕੋਲ ਇਸ ਸਬੰਧੀ ਅਦਾਲਤ ਤੋਂ ਸਟੇਅ ਲਈ ਹੋਈ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਅਤੇ ਪਿੰਡ ਵਾਸੀ ਆਪਸੀ ਸਹਿਮਤੀ ਨਾਲ ਇਸ ਸਮੱਸਿਆ ਨੂੰ ਨਿਪਟਾ ਸਕਦੇ ਹਨ। ਇਸੇ ਦੌਰਾਨ ਅੱਜ ਦੂਜੇ ਦਿਨ ਵੀ ਧਰਨਾਕਾਰੀ ਨੇ ਕੁਝ ਸਮੇਂ ਲਈ ਸੜਕੀ ਜਾਮ ਲਾਇਆ।