ਕਰਨ ਭੀਖੀ
ਭੀਖੀ, 7 ਜਨਵਰੀ
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਜਿੱਥੇ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਨੇ ਉੱਥੇ ਹੀ ਕਿਸਾਨਾਂ ਦੇ ਹੱਕ ਸਮੂਹਿਕ ਤੌਰ ਲੋਕਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਜਾਹਰ ਕੀਤਾ ਜਾ ਰਿਹਾ ਹੈ। ਕਸਬਾ ਭੀਖੀ ’ਚ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ, ਸਮਾਜਿਕ ਸੰਗਠਨਾਂ, ਵਪਾਰੀਆਂ ਵੱਲੋਂ ਪਹਿਲਾਂ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿੱਚ ਅੰਦੋਲਨ ਦੀ ਜਿੱਤ ਲਈ ਅਰਦਾਸ ਕਰਵਾਈ ਗਈ ਤੇ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਰੋਸ ਮਾਰਚ ਵਿੱਚ ਕਿਸਾਨ ਬੀਬੀਆਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਕਸਬੇ ਦੇ ਵੱਖ ਵੱਖ ਬਾਜ਼ਾਰਾਂ ’ਚ ਰੋਸ ਮਾਰਚ ਕਰਦਿਆਂ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਬਰਨਾਲਾ ਚੌਕ ’ਚ ਦਿੱਤੇ ਧਰਨੇ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੂੰ ਆਪਣੀ ਜਿੱਦ ਛੱਡ ਕੇ ਕਿਸਾਨਾਂ ਦੀ ਗੱਲਬਾਤ ਸੁਣਨੀ ਚਾਹੀਦੀ ਹੈ ਤੇ ਤਿੰਨੋ ਕਾਲੇ ਕਾਨੂੰਨ ਰੱਦ ਕਰਨੇ ਚਾਹੀਦੇ ਹਨ। ਆਗੂਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਜ਼ਿਆਦਾ ਚਿੰਤਾ ਹੈ ਜਦੋਂਕਿ ਇਨ੍ਹਾਂ ਕਾਨੂੰਨਾਂ ਨਾਲ ਸਾਰਾ ਸਮਾਜ ਪ੍ਰਭਾਵਿਤ ਹੋਵੇਗਾ।
ਨਥਾਣਾ (ਪੱਤਰ ਪ੍ਰੇਰਕ) ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਵਿੱਚ ਚੱਲ ਰਹੇ ਕਿਸਾਨ ਮੋਰਚੇ ਨੂੰ ਸਫ਼ਲ ਬਣਾਉਣ ਲਈ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵਰਕਰ ਦਿੱਲੀ ਵਿੱਚ ਕੱਢੇ ਜਾ ਰਹੇ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣਗੇ। ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਅੱਜ ਇਥੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਨਾਲ ਮਜ਼ਦੂਰਾਂ ਦੇ ਰੁਜ਼ਗਾਰ ਦਾ ਵੱਡੀ ਪੱਧਰ ’ਤੇ ਉਜਾੜਾ ਹੋਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਵੱਲੋਂ ਕਿਸਾਨਾਂ ਦੀ ਹਿਮਾਇਤ ਵਿੱਚ ਟਰੈਕਟਰ ਮਾਰਚ ਵਿੱਚ ਸਮੂਲੀਅਤ ਕਰਕੇ ਚੱਲ ਰਹੇ ਸੰਘਰਸ਼ ਨੂੰ ਨਵਾਂ ਬਲ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜਨਤਕ ਵੰਡ ਪ੍ਰਣਾਲੀ ਖਤਮ ਹੋਣ ਮਗਰੋ ਖੇਤ ਮਜ਼ਦੂਰਾਂ ਨੂੰ ਮਜਬੂਰੀ ਵੱਸ ਘਰੇਲੂ ਜ਼ਰੂਰਤਾਂ ਵਾਲੀਆਂ ਵਸਤਾਂ ਮਹਿੰਗੇ ਮੁੱਲ ’ਤੇ ਖਰੀਦ ਕਰਨਗੀਆਂ ਪਹਿਣਗੀਆ। ਮਜ਼ਦੂਰ ਆਗੂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਾਲੇ ਕਾਨੂੰਨਾਂ ਵਿੱਚ ਵੱਡੀ ਪੱਧਰ ’ਤੇ ਸੋਧਾਂ ਕਰਨ ਦੀਆਂ ਦਲੀਲਾਂ ਦੇ ਕੇ ਕਿਸਾਨ ਸੰਘਰਸ਼ ਨੂੰ ਫੇਲ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ ਜਿਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਬਡਬਰ ਟੌਲ ਪਲਾਜ਼ਾ ’ਤੇ ਕਿਸਾਨਾਂ ਵੱਲੋਂ ਨਾਅਰੇਬਾਜ਼ੀ
ਬਰਨਾਲਾ (ਰਵਿੰਦਰ ਰਵੀ) ਬਡਬਰ ਦੇ ਟੋਲ ਪਲਾਜ਼ਾ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋ ਅੱਜ 99 ਵੇਂ ਦਿਨ ਵੀ ਜਿਲਾ ਕਨਵੀਨਰ ਜਰਨੈਲ ਸਿੰਘ ਬਦਰਾ, ਿਸ਼ਨ ਸਿੰਘ ਛੰਨਾਂ ਦੀ ਅਗਵਾਈ ’ਚ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ। ਇਹਨਾਂ ਕਿਸਾਨ ਆਗੂਆਂ ਨੇ ਕਿਹਾ ਕਿ ਸਮੂਹ ਜਥੇਬੰਦੀਆਂ ਮੰਗ ਕਰਦੀਆ ਹਨ ਕਿ ਉਨਾਂ ਨੂੰ ਮਿਲਦੀਆ ਸਹੂਲਤਾ ਜਿਉਂ ਦੀ ਤਿਉਂ ਰੱਖੀਆਂ ਜਾਣ, ਜਨਤਕ ਵੰਡ ਪ੍ਰਣਾਲੀ ਕਾਨੂੰਨ ਮਜਬੂਤ ਕੀਤਾ ਜਾਵੇ । ਕਾਰਪੋਰੇਟ ਘਰਾਣਿਆਂ ਕੋਲ ਹਜ਼ਾਰਾ ਏਕੜ ਜਮੀਨ ਹੈ ਉਹ ਵੰਡ ਕੇ ਬੇ ਜਮੀਨੇ ਕਿਸਾਨਾਂ ਤੇ ਮਜਦੂਰਾਂ, ਦੁਕਾਨਦਾਰਾਂ ਤੇ ਪੱਤਰਕਾਰਾਂ ’ਚ ਵੰਡੀ ਜਾਵੇ। ਅੱਜ ਭਾਰੀ ਗਿਣਤੀ ’ਚ ਸੰਗਤਾਂ ਦਾ ਕਾਫਲਾ ਜੋਰਾ ਸਿੰਘ ਨਸਰਾਲੀ ਦੀ ਅਗਵਾਈ ’ਚ ਦਿੱਲੀ ਨੂੰ ਰਵਾਨਾ ਹੋਇਆ ਹੈ। ਇਸ ਮੌਕੇ ਗੁਰਪ੍ਰੀਤ ਸਿੰਘ, ਜਗਮੇਲ ਸਿੰਘ ,ਚਮਕੌਰ ਸਿੰਘ ,ਪਰਮਜੀਤ ਸਿੰਘ , ਬੱਗੀ ਸਿੰਘ, ਗੁਰਮੇਲ ਸਿੰਘ, ਗੁਰਲਾਲ ਸਿੰਘ, ਮੱਖਣ ਸਿੰਘ, ਜੰਟਾ ਸਿੰਘ,ਜਗਸੀਰ ਸਿੰਘ ਸੁਖਵਿੰਦਰ ਮਨਜਿੰਦਰ ਭੋਲਾ ਸਿੰਘ ਹਰਜਿੰਦਰ ਸਿੰਘ ਨਿੱਕਾ ਸਿੰਘ ਲਾਡੀ ਸਿੰਘ ਤੇ ਭਾਰੀ ਗਿਣਤੀ ’ਚ ਕਿਸਾਨ ਬੀਬੀਆਂ, ਨੌਜਵਾਨ, ਬੱਚੇ ਤੇ ਬਜ਼ੁਰਗ ਹਾਜ਼ਰ ਸਨ।
ਪਿੰਡ ਵੱਡੇ ਘਰੋਂ ਔਰਤਾਂ ਦਾ ਜਥਾ ਦਿੱਲੀ ਰਵਾਨਾ
ਸਮਾਲਸਰ (ਗੁਰਜੰਟ ਕਲਸੀ) ਖੇਤੀ ਤੇ ਲੋਕ ਵਿਰੋਧੀ ਕਾਨੂੰਨਾਂ ਖ਼ਿਲਾਫ਼ ਰੋਸ ਵਜੋਂ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਔਰਤ ਵਿੰਗ ਤੇ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਵੱਲੋਂ ਪਿੰਡ ਵੱਡਾ ਘਰ ਤੋਂ ਦਿੱਲੀ ਵਿਚ ਲੱਗੇ ਪੱਕੇ ਮੋਰਚੇ ਵਿੱਚ ਸ਼ਾਮਲ ਹੋਣ ਲਈ ਜਥਾ ਰਵਾਨਾ ਹੋਇਆ। ਇਹ ਜਥਾ ਔਰਤ ਵਿੰਗ ਦੀ ਆਗੂ ਜਸਵਿੰਦਰ ਕੌਰ ਵੱਡਾ ਘਰ ਦੀ ਅਗਵਾਈ ਵਿੱਚ ਰਵਾਨਾ ਹੋਇਆ। ਇਸ ਮੌਕੇ ਉਨ੍ਹਾਂ ਆਖਿਆ ਕਿ ਕੇਂਦਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਹੁਣ ਹਰ ਪਿੰਡ ਹਰ ਘਰ ਵਿੱਚ ਕਾਲੇ ਕਾਨੂੰਨਾਂ ਖ਼ਿਲਾਫ਼ ਲਗਾਤਾਰ ਚਰਚਾ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਹੋ ਰਹੀ ਹੈ। ਹਰ ਰੋਜ਼ ਪਿੰਡਾਂ ਵਿੱਚੋਂ ਲਗਾਤਾਰ ਔਰਤਾਂ, ਨੌਜਵਾਨ, ਬਜ਼ੁਰਗ ਲਗਾਤਾਰ ਦਿੱਲੀ ਵੱਲ ਨੂੰ ਵਹੀਰਾਂ ਘੱਤੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੰਘਰਸ਼ ਲੰਮਾ ਸਮਾਂ ਵੀ ਚੱਲ ਸਕਦਾ ਹੈ। ਕਿਉਂਕਿ ਮੋਦੀ ਸਰਕਾਰ ਕਾਨੂੰਨਾਂ ਵਿੱਚ ਸੋਧ ਕਰਕੇ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੀ ਹੈ। ਕਿਸਾਨ ਜਥੇਬੰਦੀਆਂ ਕਾਨੂੰਨਾ ਨੂੰ ਰੱਦ ਕਰਵਾਉਣ ਤੇ ਅੜੀਆਂ ਹੋਈਆਂ ਹਨ। ਉਨ੍ਹਾਂ ਆਖਿਆ ਕਿ ਜੋ ਆਉਣ ਵਾਲੀ ਛੱਬੀ ਜਨਵਰੀ ਨੂੰ ਜੋ ਦਿੱਲੀ ਵਿਚ ਟਰੈਕਟਰ ਪਰੇਡ ਹੋਣ ਜਾ ਰਹੀ ਹੈ ਉਸ ਵਿੱਚ ਵੀ ਵੱਧ ਤੋਂ ਵੱਧ ਪਿੰਡਾਂ ਵਿੱਚੋਂ ਲਾਮਬੰਦੀ ਕਰਕੇ ਹੋਰ ਵੀ ਟਰੈਕਟਰ ਟਰਾਲੀਆਂ ਰਾਹੀਂ ਜਥੇ ਦਿੱਲੀ ਵੱਲ ਨੂੰ ਰਵਾਨਾ ਕੀਤੇ ਜਾਣਗੇ।