ਹਰਮੇਸ਼ਪਾਲ ਨੀਲੇਵਾਲਾ
ਜ਼ੀਰਾ, 26 ਸਤੰਬਰ
ਪਿੰਡ ਮਨਸੂਰਵਾਲ ਕਲਾਂ ਵਿੱਚ ਸਥਿਤ ਮਾਲਬਰੋਜ਼ ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਪਿਛਲੇ ਦੋ ਮਹੀਨਿਆਂ ਤੋਂ ਪਿੰਡਾਂ ਦੇ ਲੋਕਾਂ, ਕਿਸਾਨ ਜਥੇਬੰਦੀਆਂ ਅਤੇ ਵਾਤਾਵਰਨ ਪ੍ਰੇਮੀਆਂ ਵੱਲੋਂ ਦਿਨ-ਰਾਤ ਦਾ ਪੱਕਾ ਮੋਰਚਾ ਲਾਇਆ ਗਿਆ ਹੈ। ਸੂਬਾ ਸਰਕਾਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਫੈਕਟਰੀ ਵਿਰੁੱਧ ਕਾਰਵਾਈ ਨਾ ਕੀਤੇ ਜਾਣ ’ਤੇ ਸੰਘਰਸ਼ ਤੇਜ਼ ਕਰਦਿਆਂ ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਪ੍ਰਸ਼ਾਸਨ ਅਤੇ ਸਰਕਾਰ ਵਿਰੁੱਧ ਰੋਸ ਮਾਰਚ ਕੱਢਿਆ ਗਿਆ, ਜਿਸ ਵਿੱਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ ਤੇ ਪੰਜਾਬ ਸਰਕਾਰ ਅਤੇ ਮਾਲਬਰੋਜ਼ ਸ਼ਰਾਬ ਫੈਕਟਰੀ ਵਿਰੁੱਧ ਰੋਸ ਮੁਜ਼ਾਹਰਾ ਕੀਤਾ।
ਇਹ ਰੋਸ ਮਾਰਚ ਸਾਂਝਾ ਮੋਰਚਾ ਜ਼ੀਰਾ ਦੀ ਸਟੇਜ ਤੋਂ ਸ਼ੁਰੂ ਹੋ ਕੇ ਪਿੰਡ ਮਨਸੂਰਦੇਵਾ, ਝਤਰਾ, ਲੌਂਗੋਦੇਵਾ, ਮੇਹਰ ਸਿੰਘ ਵਾਲਾ, ਫੇਰੋਕੇ ਅਤੇ ਜ਼ੀਰਾ ਵਿੱਚੋਂ ਲੰਘਦਾ ਹੋਇਆ ਪਿੰਡ ਮਹੀਆਂ ਵਾਲਾ ਕਲਾਂ ਵਿੱਚ ਜਾ ਕੇ ਸਮਾਪਤ ਹੋ ਗਿਆ।
ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਘੰਟਾ ਘਰ ਮੁੱਖ ਚੌਕ ਜ਼ੀਰਾ ਵਿੱਚ ਫੈਕਟਰੀ ਦੇ ਐੱਮਡੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਰਾਬ ਫੈਕਟਰੀ ਵਿਰੁੱਧ ਜਲਦ ਕੋਈ ਕਾਰਵਾਈ ਕੀਤੀ ਜਾਵੇ ਅਤੇ ਮਿੱਟੀ ਤੇ ਪਾਣੀ ਦੇ ਲਏ ਗਏ ਸੈਂਪਲਾਂ ਦੀ ਰਿਪੋਰਟ ਜਲਦ ਜਨਤਕ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹਾ ਨਾ ਕਰਨ ’ਤੇ ਮੋਰਚੇ ਦੇ ਆਗੂਆਂ ਵੱਲੋਂ 3 ਅਕਤੂਬਰ ਨੂੰ ਪੰਜਾਬ ਪੱਧਰ ਦਾ ਵਿਸ਼ਾਲ ਇਕੱਠ ਕਰ ਕੇ ਅਗਲੀ ਰਣਨੀਤੀ ਉਲੀਕਦਿਆਂ ਸੰਘਰਸ਼ ਪੰਜਾਬ ਪੱਧਰ ’ਤੇ ਲਿਜਾਇਆ ਜਾਵੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੋਂ ਬਲਦੇਵ ਜ਼ੀਰਾ, ਰੋਮਨ ਬਰਾੜ, ਫ਼ਤਿਹ ਸਿੰਘ ਢਿੱਲੋਂ, ਗੁਰਜੰਟ ਸਿੰਘ ਸਾਬਕਾ ਸਰਪੰਚ ਰਟੌਲ, ਮੰਗਲ ਸਿੰਘ ਸੰਧੂ ਸ਼ਾਹਵਾਲਾ, ਡਾ. ਗੁਰਚਰਨ ਸਿੰਘ ਨੂਰਪੁਰ, ਬਲਰਾਜ ਸਿੰਘ ਫੇਰੋਕੇ, ਮਹਿੰਦਰ ਸਿੰਘ ਗਿੱਲ ਉਗਰਾਹਾਂ ਤੇ ਸਰਪੰਚ ਗੁਰਮੇਲ ਸਿੰਘ ਪਿੰਡ ਮਨਸੂਰਵਾਲ ਕਲਾਂ ਹਾਜ਼ਰ ਸਨ।