ਪਰਮਜੀਤ ਸਿੰਘ
ਫਾਜ਼ਿਲਕਾ, 12 ਅਗਸਤ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਐਮਆਰ ਸਰਕਾਰੀ ਕਾਲਜ ਫਾਜ਼ਿਲਕਾ ’ਚ ਐਸਸੀ ਵਿਦਿਆਰਥੀਆਂ ਤੋਂ ਲਈਆਂ ਜਾ ਰਹੀਆਂ ਫੀਸਾਂ ਅਤੇ ਪੰਜਾਬ ’ਵਰਸਿਟੀ ਵੱਲੋਂ ਵਧਾਈਆਂ ਗਈਆਂ ਫੀਸਾਂ ਦੇ ਵਿਰੋਧ ’ਚ ਅੱਜ ਕਾਲਜ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਤੱਕ ਪੈਦਲ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਹਿਮਾਂਸ਼ੂ ਅਗਰਵਾਲ ਨੂੰ ਮੰਗ ਪੱਤਰ ਸੌਂਪ ਕੇ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧੀਰਜ ਕੁਮਾਰ, ਮਮਤਾ ਲਾਧੂਕਾ ਅਤੇ ਕਮਲਜੀਤ ਮੁਹਾਰ ਖੀਵਾ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਐਸਸੀ ਵਿਦਿਆਰਥੀਆਂ ਦੀ ਪੂਰੀ ਫੀਸ ਮੁਆਫ਼ ਹੈ, ਪਰ ਐਮਆਰ ਸਰਕਾਰੀ ਕਾਲਜ ਫਾਜ਼ਿਲਕਾ ਵੱਲੋਂ ਵਿਦਿਆਰਥੀਆਂ ਤੋਂ ਫੀਸਾਂ ਮੰਗੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਫਾਜ਼ਿਲਕਾ ਜ਼ਿਲ੍ਹਾ ਸਰਹੱਦ ’ਤੇ ਹੋਣ ਕਰ ਕੇ ਇਸ ਕਾਲਜ ’ਚ ਜ਼ਿਆਦਾਤਰ ਗ਼ਰੀਬ ਘਰਾਂ ਦੇ ਵਿਦਿਆਰਥੀ ਪੜ੍ਹਦੇ ਹਨ ਜੋ ਵੱਧ ਫੀਸਾਂ ਨਹੀਂ ਭਰ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ’ਵਰਸਿਟੀ ਵੱਲੋਂ ਸੈਸ਼ਨ ਬੰਦ ਹੋਣ ਕਾਰਨ ਚੁੱਪ ਚਾਪ ਫੀਸਾਂ ’ਚ 10 ਪ੍ਰਤੀਸ਼ਤ ਦਾ ਵਾਧਾ ਕਰ ਦਿੱਤਾ ਗਿਆ ਹੈ।
ਵਿਦਿਆਰਥੀ ਆਗੂ ਮੁਸਕਾਨ, ਜਸਪ੍ਰੀਤ ਘੁਰੀ ਤੇ ਗੁਰਪ੍ਰੀਤ ਘੁਰੀ ਨੇ ਕਿਹਾ ਕਿ ਜੇ ਕਾਲਜ ਵੱਲੋਂ ਐਸਸੀ ਵਿਦਿਆਰਥੀਆਂ ਦੀਆਂ ਫੀਸਾਂ ਮੁਆਫ਼ ਨਾ ਕੀਤੀਆਂ ਗਈਆਂ ਅਤੇ ’ਵਰਸਿਟੀ ਵੱਲੋਂ ਸਮੁੱਚੇ ਵਿਦਿਆਰਥੀਆਂ ਦੀਆਂ ਵਧਾਈਆਂ ਫੀਸਾਂ ਦਾ ਫ਼ੈਸਲਾ ਵਾਪਸ ਨਾ ਲਿਆ ਗਿਆ ਤਾਂ ਵਿਦਿਆਰਥੀ ਸੰਘਰਸ਼ ਤਿੱਖਾ ਕਰਨਗੇ।