ਪਰਮਜੀਤ ਸਿੰਘ
ਫਾਜ਼ਿਲਕਾ, 1 ਸਤੰਬਰ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫਾਜ਼ਿਲਕਾ ਦੇ ਵਿਦਿਆਰਥੀਆਂ ਤੋਂ ਪਹਿਲਾਂ ਫੀਸ ਭਰੀ ਹੋਣ ਦੇ ਬਾਵਜੂਦ ਦੁਬਾਰਾ ਤੋਂ ਨਾਜਾਇਜ਼ ਤੌਰ ’ਤੇ ਫੀਸਾਂ ਮੰਗਣ ਦੇ ਵਿਰੋਧ ’ਚ ਅੱਜ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਪੈਦਲ ਰੋਸ ਮਾਰਚ ਕੱਢਿਆ ਗਿਆ ਅਤੇ ਫਾਜ਼ਿਲਕਾ ਦੇ ਡਿਪਟੀ ਡੀਈਓ ਹੰਸ ਰਾਜ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧੀਰਜ ਕੁਮਾਰ, ਜਸਪ੍ਰੀਤ ਸਿੰਘ ਅਤੇ ਮਮਤਾ ਲਾਧੂਕਾ ਨੇ ਦੱਸਿਆ ਕਿ ਪਿਛਲੇ ਮਹੀਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਉਨ੍ਹਾਂ ਦੇ ਇੰਚਾਰਜ ਅਧਿਆਪਕ ਹਿਮਾਂਸ਼ੂ ਨੇ ਫੀਸ ਦੇ ਨਾਂ ’ਤੇ 1000-1000 ਰੁਪਏ ਇਕੱਠੇ ਕਰ ਲਏ ਅਤੇ ਉਸ ਤੋਂ ਮਹੀਨਾ ਬਾਅਦ ਤੱਕ ਉਕਤ ਅਧਿਆਪਕ ਸਕੂਲ ਵੀ ਆਉਂਦਾ ਰਿਹਾ। ਉਨ੍ਹਾਂ ਦੱਸਿਆ ਕਿ ਬਾਅਦ ’ਚ ਸਕੂਲ ਦੇ ਪ੍ਰਿੰਸੀਪਲ ਨਾਲ ਕੋਈ ਨਿੱਜੀ ਝਗੜਾ ਹੋਣ ਤੋਂ ਬਾਅਦ ਉਕਤ ਅਧਿਆਪਕ ਸਕੂਲ ਛੱਡ ਕੇ ਚੰਡੀਗੜ੍ਹ ਸ਼ਿਫਟ ਹੋ ਗਿਆ ਹੈ। ਜਦ ਵਿਦਿਆਰਥੀ ਆਗੂਆਂ ਨੇ ਉਕਤ ਅਧਿਆਪਕ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਪੈਸੇ ਪ੍ਰਿੰਸੀਪਲ ਨੂੰ ਜਮ੍ਹਾਂ ਕਰਵਾ ਗਿਆ ਹੈ ਅਤੇ ਜਦ ਪ੍ਰਿੰਸੀਪਲ ਨਾਲ ਸੰਪਰਕ ਕੀਤਾ ਗਿਆ ਤਾਂ ਸਕੂਲ ਪ੍ਰਿੰਸੀਪਲ ਪ੍ਰਦੀਪ ਕੁਮਾਰ ਖਨਗਵਾਲ ਦਾ ਕਹਿਣਾ ਹੈ ਕਿ ਉਕਤ ਅਧਿਆਪਕ ਪੈਸੇ ਲੈ ਕੇ ਭੱਜ ਗਿਆ ਹੈ। ਇਸ ਮੌਕੇ ਵਿਦਿਆਰਥੀ ਅਰਸ਼ਦੀਪ ਸਿੰਘ, ਸੁਖਵਿੰਦਰ, ਸਚਿਨ ਅਤੇ ਰਾਹੁਲ ਨੇ ਦੱਸਿਆ ਕਿ ਅਧਿਆਪਕਾਂ ਦੇ ਆਪਸੀ ਰੌਲੇ ਕਰ ਕੇ ਉਨ੍ਹਾਂ ਤੋਂ ਦੁਬਾਰਾ ਫੀਸ ਮੰਗੀ ਜਾ ਰਹੀ ਹੈ ਜੋ ਗਲਤ ਹੈ। ਵਿਦਿਆਰਥੀ ਆਗੂਆਂ ਨੇ ਮੰਗ ਕੀਤੀ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਫਾਜ਼ਿਲਕਾ ਇਸ ਮਾਮਲੇ ’ਚ ਫੌਰੀ ਤੌਰ ’ਤੇ ਦਖਲ ਦੇਣ ਤਾਂ ਜੋ ਮਸਲੇ ਦਾ ਹੱਲ ਨਿਕਲ ਸਕੇ ਅਤੇ ਸਕੂਲ ਪ੍ਰਿੰਸੀਪਲ ਖਿਲਾਫ ਕਾਰਵਾਈ ਕੀਤੀ ਜਾਵੇ।