ਪੱਤਰ ਪ੍ਰੇਰਕ
ਸਰਦੂਲਗੜ੍ਹ, 28 ਅਗਸਤ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਬਠਿੰਡਾ-ਮਾਨਸਾ ਜ਼ਿਲ੍ਹਾ ਕਮੇਟੀ ਦੀ ਦੋ ਦਿਨਾ ਜਥੇਬੰਦਕ ਕਾਨਫਰੰਸ ਸਰਦੂਲਗੜ੍ਹ ’ਚ ਹੋਈ। ਕਾਨਫਰੰਸ ’ਚ ਸ਼ਾਮਲ ਡੈਲੀਗੇਟਾਂ ਤੇ ਹੋਰ ਲੋਕਾਂ ਨੇ ਬਾਅਦ ਵਿੱਚ ਬਿਲਕੀਸ ਬਾਨੋ ਸਮੂਹਿਕ ਜਬਰ ਜਨਾਹ ਤੇ ਕਤਲ ਕਾਂਡ ਦੇ ਦੋਸ਼ੀਆਂ ਦੀ ਰਿਹਾਈ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਮੁੱਖ ਬਾਜ਼ਾਰ ਵਿੱਚ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਦੀ ਅਗਵਾਈ ਵਿੱਚ ਰੋਸ ਮੁਜ਼ਾਹਰਾ ਕੀਤਾ।
ਜਥੇਬੰਦੀ ਵੱਲੋਂ ਸ੍ਰੀ ਸਨਾਤਨ ਧਰਮ ਮੰਦਰ ਵਾਲੀ ਧਰਮਸ਼ਾਲਾ ਵਿਚ ‘ਸ਼ਹੀਦ ਊਧਮ ਸਿੰਘ ਸੁਨਾਮ ਦੀ ਵਿਚਾਰਧਾਰਾ ਦੇ ਅਜੋਕੇ ਮਹੱਤਵ’ ਬਾਰੇ ਵਿਚਾਰ ਚਰਚਾ ਸੱਦੀ ਗਈ ਜਿਸ ਵਿੱਚ ਵੱਡੀ ਗਿਣਤੀ ਲੋਕਾਂ ਨੇ ਭਾਗ ਲਿਆ। ਇਸ ਮੌਕੇ ਪਾਰਟੀ ਦੀ ਨਵੀਂ ਜ਼ਿਲ੍ਹਾ ਟੀਮ ਚੁਣੀ ਗਈ ਜਿਸ ’ਚ ਮਿੱਠੂ ਸਿੰਘ ਘੁੱਦਾ ਨੂੰ ਪ੍ਰਧਾਨ, ਲਾਲ ਚੰਦ ਸਰਦੂਲਗੜ੍ਹ ਨੂੰ ਸਕੱਤਰ, ਪ੍ਰਕਾਸ਼ ਸਿੰਘ ਨੰਦਗੜ੍ਹ ਨੂੰ ਖਜ਼ਾਨਚੀ ਅਤੇ ਛੱਜੂ ਰਾਮ ਰਿਸ਼ੀ, ਸੰਪੂਰਨ ਸਿੰਘ, ਧੰਨਾ ਸਿੰਘ ਟਾਹਲੀਆਂ, ਗੁਰਦੇਵ ਸਿੰਘ ਲੋਹਗੜ੍ਹ, ਅਮਰੀਕ ਸਿੰਘ ਫਫੜੇ, ਦਰਸ਼ਨ ਸਿੰਘ ਫੁੱਲੋ ਮਿੱਠੀ, ਸੁਖਦੇਵ ਸਿੰਘ ਨਥਾਣਾ, ਮਲਕੀਤ ਸਿੰਘ ਮਹਿਮਾ ਸਰਜਾ, ਦਰਸ਼ਨਾ ਜੋਸ਼ੀ ਮੈਂਬਰ ਚੁਣੇ ਗਏ।