ਪੱਤਰ ਪ੍ਰੇਰਕ
ਬਾਘਾ ਪੁਰਾਣਾ, 18 ਜਨਵਰੀ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕਰੋਨਾ ਦੀ ਆੜ ਹੇਠ ਸਕੂਲ ਕਾਲਜ ਬੰਦ ਕਰਨ ਖ਼ਿਲਾਫ਼ ਬਾਘਾ ਪੁਰਾਣਾ ਨਹਿਰੂ ਮੰਡੀ ਤੋਂ ਇਕੱਠੇ ਹੋ ਕੇ ਸ਼ਹਿਰ ਵਿਚ ਮਾਰਚ ਕੀਤਾ ਗਿਆ ਅਤੇ ਐਸਡੀਐਮ ਬਾਘਾ ਪੁਰਾਣਾ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ ਅਤੇ ਕਮਲ ਬਾਘਾ ਪੁਰਾਣਾ ਨੇ ਕਿਹਾ ਕਿ ਕਰੋਨਾ ਬਾਰੇ ਬਿਨਾਂ ਕਿਸੇ ਵਿਗਿਆਨਕ ਸਮਝ ਦੇ ਸਰਕਾਰ ਵੱਲੋਂ ਕਰੋਨਾ ਦਾ ਬਹਾਨਾ ਲਾ ਕੇ ਵਿੱਦਿਅਕ ਸੰਸਥਾਵਾਂ ਬੰਦ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸਿਹਤ ਸਹੂਲਤਾਂ ਵੱਲ ਧਿਆਨ ਦਿੱਤਾ ਜਾਵੇ, ਪਰ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜਦਿਆਂ ਫਿਰ ਤੋਂ ਲੌਕਡਾਊਨ ਨੂੰ ਹੀ ਇਸ ਦਾ ਹੱਲ ਮੰਨਿਆ ਹੈ, ਜਦਕਿ ਲੌਕਡਾਊਨ ਦੇ ਨਤੀਜੇ ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂਂ। ਉਨ੍ਹਾਂ ਕਿਹਾ ਕਿ ਸਰਕਾਰ ਦੀ ਗੰਭੀਰਤਾ ਇਸ ਤੋਂ ਤੈਅ ਹੁੰਦੀ ਹੈ ਕਿ ਸਿਆਸੀ ਰੈਲੀਆਂ ਪੂਰੇ ਜ਼ੋਰ ਸ਼ੋਰ ਨਾਲ ਹੋ ਰਹੀਆਂ ਹਨ, ਸਿਨੇਮਾ, ਮਾਲ ਅਤੇ ਠੇਕੇ ਵੀ ਖੁੱਲ੍ਹੇ ਹਨ, ਪਰ ਸਿਰਫ ਵਿੱਦਿਅਕ ਸੰਸਥਾਵਾਂ ਬੰਦ ਹਨ। ਵਿਦਿਆਰਥੀਆਂ ਦੀ ਪੜ੍ਹਾਈ ਦਾ ਦੋ ਸਾਲ ਸਕੂਲ ਕਾਲਜ ਬੰਦ ਰਹਿਣ ਕਾਰਣ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੈ, ਜਿਸ ਨੂੰ ਪੂਰਿਆ ਨਹੀਂ ਜਾ ਸਕਦਾ। ਉਨ੍ਹਾਂ ਮੰਗ ਕੀਤੀ ਕਿ ਕਰੋਨਾ ਨੂੰ ਰੋਕਣ ਲਈ ਸਰਕਾਰੀ ਸਿਹਤ ਸਹੂਲਤਾਂ ਨੂੰ ਦਰੁਸਤ ਕੀਤਾ ਜਾਵੇ ਅਤੇ ਵਿੱਦਿਅਕ ਅਦਾਰੇ ਖੋਲ੍ਹੇ ਜਾਣ। ਇਸ ਮੌਕੇ ਕੁਲਦੀਪ ਸਿੰਘ ਫੌਜੀ, ਰਹਿਮਤ ਕੌਰ, ਮਨਵੀਰ ਕੌਰ, ਬੇਅੰਤ ਕੌਰ ਕੁਲਦੀਪ ਸਿੰਘ ਆਦਿ ਹਾਜ਼ਰ ਸਨ।