ਬਲਜੀਤ ਸਿੰਘ
ਸਰਦੂਲਗੜ੍ਹ, 3 ਸਤੰਬਰ
ਇਥੋਂ ਦੇ ਕੁੱਲ ਹਿੰਦ ਕਿਸਾਨ ਸਭਾ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਕਾਮਰੇਡ ਜਗਰਾਜ ਸਿੰਘ ਹੀਰਕੇ ਸੂਬਾ ਕਮੇਟੀ ਮੈਬਰ ਕੁੱਲ ਹਿੰਦ ਕਿਸਾਨ ਸਭਾ ਅਤੇ ਜਗਸੀਰ ਸਿੰਘ ਕੁਸਲਾ ਜ਼ਿਲ੍ਹਾ ਮੀਤ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਸਭਾ ਦੀ ਅਗਵਾਈ ਵਿਚ ਸਰਦੂਲ਼ਗੜ੍ਹ ਕਚਿਹਰੀਆਂ ਵਿੱਚ ਧਰਨਾ ਲਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆ ਬੁਲਾਰਿਆ ਨੇ ਕਿਹਾ ਕਿ ਮੋਦੀ ਸਰਕਾਰ ਸਾਰੇ ਹੀ ਫ਼ੈਸਲੇ ਕਿਸਾਨ ਅਤੇ ਮਜ਼ਦੂਰਾਂ ਦੇ ਵਿਰੁੱਧ ਹੀ ਲੈ ਰਹੀ ਹੈ। ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਆਰਡੀਨੈਂਸ ਕਿਸਾਨਾਂ ਵਿਰੁੱਧ ਹਨ। ਇਹ ਲਾਗੂ ਹੋਣ ਨਾਲ ਸਰਕਾਰੀ ਖਰੀਦ ਬੰਦ ਹੋ ਜਾਵੇਗੀ। ਖੁੱਲ੍ਹੀ ਮੰਡੀ ਵਿਚ ਕਾਰਪੋਰੇਟ ਘਰਾਣੇ ਕਿਸਾਨਾਂ ਦੀ ਲੁੱਟ ਕਰਨਗੇ ਅਤੇ ਸਰਕਾਰੀ ਖਰੀਦ ਨਾ ਹੋਣ ਕਰ ਕੇ ਮਾਰਕੀਟ ਵਿਚ ਫੀਸ ਨਹੀਂ ਆਉਣੀ, ਜਿਸ ਨਾਲ ਪਿੰਡਾਂ ਦੀਆਂ ਸੜਕਾਂ ਅਤੇ ਮੰਡੀ ਦੀਆਂ ਸਹੂਲਤਾਂ ਖਤਮ ਹੋ ਜਾਣਗੀਆਂ। ਇਸ ਮੌਕੇ ਕਾਮਰੇਡ ਮਹਿੰਦਰ ਸਿੰਘ ਝੰਡਾ, ਪੂਰਨ ਸਿੰਘ ਦਹੀਆ, ਗੁਰਤੇਜ ਸਿੰਘ ਚਹਿਲਾਂ ਵਾਲੀ, ਲਭਪ੍ਰੀਤ ਹੀਰਕੇ, ਨਾਜਰ ਸਿੰਘ ਜੋੜਕੀਆਂ ਅਤੇ ਨਛੱਤਰ ਸਿੰਘ ਚਹਿਲਾਂਵਾਲੀ ਆਦਿ ਹਾਜ਼ਰ ਸਨ।