ਨਵਕਿਰਨ ਸਿੰਘ
ਮਹਿਲ ਕਲਾਂ, 16 ਜੂਨ
ਇਥੇ ਪੁਲੀਸ ਵੱਲੋਂ ਕਰੋਨਾਵਾਇਰਸ ਦੀ ਆੜ ਹੇਠ ਖੇਤਾਂ ਵਿੱਚ ਕੰਮਕਾਰ ਲਈ ਜਾਣ ਵਾਲੇ ਕਿਸਾਨਾਂ, ਮਜ਼ਦੂਰਾਂ ਦੇ ਚਲਾਨ ਕੱਟਣ ਖ਼ਿਲਾਫ਼ ਅੱਜ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵੱਲੋਂ ਠੁੱਲੀਵਾਲ ਥਾਣੇ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਨਾਅਰੇਬਾਜ਼ੀ ਕਰਦਿਆ ਕਿਸਾਨ ਆਗੂਆਂ ਨੇ ਪੁਲੀਸ ’ਤੇ ਲੋਕਾਂ ਨੂੰ ਖੱਜਲ ਖੁਆਰ ਕਰਨ ਅਤੇ ਬੇਲੋੜਾ ਆਰਥਿਕ ਬੋਝ ਪਾਉਣ ਦੇ ਦੋਸ਼ ਲਗਾਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਨੇ ਕਿਹਾ ਕਿ ਤਾਲਾਬੰਦੀ ਨੇ ਦੇਸ਼ ਦੇ ਕਿਰਤੀ ਵਰਗ ਨੂੰ ਬੁਰੀ ਤਰ੍ਹਾਂ ਝੰਬ ਦਿੱਤਾ ਹੈ ਤੇ ਹੁਣ ਜਦ ਖੇਤੀ ਖੇਤਰ ਵਿੱਚ ਕੰਮ ਸ਼ੁਰੂ ਹੋਇਆ ਤਾਂ ਪੁਲੀਸ ਵਿਭਾਗ ਬੇਲੋੜੇ ਚਲਾਨ ਕਰਕੇ ਲੋਕਾਂ ਦੀਆ ਜੇਬਾਂ ’ਤੇ ਭਾਰ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤਾਂ ’ਚ ਕੱਮ ਕਰਨ ਵਾਲੇ ਕਿਸਾਨਾਂ ਵੱਲੋਂ ਅਤਿ ਦੀ ਗਰਮੀ ’ਚ ਮੂੰਹ ਬੰਨ੍ਹ ਸਕਣਾ ਸੰਭਵ ਨਹੀਂ ਹੈ ਤਾਂ ਅਜਿਹੇ ਵਿੱਚ ਪੁਲੀਸ ਮੁਲਾਜ਼ਮ ਖੇਤ ਆਉਂਦੇ ਜਾਂਦੇ ਕਿਸਾਨਾਂ, ਮਜ਼ਦੂਰਾਂ ਦੇ ਚਲਾਨ ਕੱਟ ਦਿੰਦੇ ਹਨ ਜੋ ਸਰਾਸਰ ਬੇਇਨਸਾਫੀ ਹੈ। ਇਸ ਮੌਕੇ ਕਿਸਾਨ ਆਗੂ ਗੁਰਦੇਵ ਸਿੰਘ ਮਾਂਗੇਵਾਲ, ਜੱਗਾ ਸਿੰਘ ਛਾਪਾ, ਭਾਗ ਸਿੰਘ ਕੁਰੜ ਤੇ ਭਿੰਦਰ ਸਿੰਘ ਸਹੌਰ ਨੇ ਦੱਸਿਆ ਕਿ ਕਈ ਮਾਮਲੇ ਅਜਿਹੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਮਜ਼ਦੂਰ ਦੀ ਰੋਜ਼ਾਨਾਂ ਦਿਹਾੜੀ ਘੱਟ ਸੀ ਜਦਕਿ ਦਿਹਾੜੀ ਜਾਂਦੇ ਦਾ ਪੁਲੀਸ ਨੇ ਚਲਾਨ ਵੱਧ ਦਾ ਕੱਟ ਦਿੱਤਾ। ਇਸ ਮੌਕੇ ਕਿਸਾਨਾਂ ਦੀ ਹਮਾਇਤ ਕਰਦਿਆ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ ਅਤੇ ਮਾਸਟਰ ਕਰਮਜੀਤ ਸਿੰਘ ਠੁੱਲੀਵਾਲ ਨੇ ਕਿਹਾ ਕਿ ਇਹ ਸਰਕਾਰ ਦੀ ਲੋਕ ਵਿਰੋਧੀ ਕਾਰਵਾਈ ਹੈ।
ਇਸ ਮੌਕੇ ਹਾਜ਼ਰ ਪੁਲੀਸ ਮੁਲਾਜ਼ਮਾਂ ਵੱਲੋਂ ਕਿਸਾਨਾ ਨੂੰ ਵਿਸ਼ਵਾਸ਼ ਦਿਵਾ ਦਿੱਤਾ ਗਿਆ ਕਿ ਕਿਸੇ ਨੂੰ ਬਿਨਾਂ ਕਾਰਨ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਇਸ ਮਸਲੇ ਸਬੰਧੀ ਸੰਪਰਕ ਕਰਨ ’ਤੇ ਏਐੱਸਪੀ ਮਹਿਲ ਕਲਾਂ ਪ੍ਰੱਗਿਆ ਜੈਨ ਨੇ ਕਿਹਾ ਕਿ ਪੁਲੀਸ ਵੱਲੋਂ ਸਰਕਾਰੀ ਹਦਾਇਤਾਂ ਅਨੁਸਾਰ ਕਾਨੂੰਨ ਦੀ ਪਾਲਣਾ ਕੀਤੀ ਜਾ ਰਹੀ ਹੈ।