ਭਗਵਾਨ ਦਾਸ ਗਰਗ
ਨਥਾਣਾ, 14 ਸਤੰਬਰ
ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋ ਅੱਜ ਇਥੇ ਥਾਣੇ ਦੇ ਮੁੱਖ ਗੇਟ ਅੱਗੇ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਵੱਡੀ ਗਿਣਤੀ ’ਚ ਮਹਿਲਾਵਾਂ ਨੇ ਸ਼ਮੂਲੀਅਤ ਕੀਤੀ। ਧਰਨੇ ’ਚ ਸ਼ਾਮਲ ਲੋਕਾਂ ਨੂੰ ਸੰਬੋਧਨ ਕਰਦਿਆਂ ਲਖਵੀਰ ਸਿੰਘ ਨੇ ਦੱਸਿਆ ਕਿ ਮਹਿਤਾ ਪਿੰਡ ਦੇ ਨੌਜਵਾਨ ਦੀ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਨੇੜੇ ਇੱਕ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਘਟਨਾ ਦੇ 40 ਦਿਨ ਬੀਤ ਜਾਣ ’ਤੇ ਵੀ ਸਥਾਨਕ ਪੁਲੀਸ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਇਸੇ ਤਰ੍ਹਾਂ ਪਿੰਡ ਗੰਗਾ ਦੇ ਜ਼ਮੀਨੀ ਮਾਮਲੇ ’ਚ ਭੂ-ਮਾਫ਼ੀਆ ਵੱਲੋ ਪਰਿਵਾਰ ਦੀ ਕੁੱਟਮਾਰ ਕੀਤੀ ਗਈ ਸੀ ਪ੍ਰੰਤੂ ਕਿਸਾਨ ਆਗੂਆਂ ਦੇ ਵਫਦ ਕਈ ਵਾਰ ਮਿਲਣ ਦੇ ਬਾਵਜੂਦ ਵੀ ਪੀੜਤ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ, ਜਿਸ ਕਾਰਨ ਥਾਣੇ ਦੇ ਗੇਟ ਅੱਗੇ ਇਹ ਧਰਨਾ ਲਾਉਣਾ ਪਿਆ। ਧਰਨੇ ਨੂੰ ਗੁਰਨਾਮ ਸਿੰਘ ਭੋਤਨਾ, ਦਰਸਨ ਸਿੰਘ ਮਹਿਤਾ, ਗੁਰਜੰਟ ਸਿੰਘ, ਅਜਮੇਰ ਸਿੰਘ, ਨਗੌਰ ਸਿੰਘ ਅਤੇ ਗੋਰਾ ਸਿੰਘ ਨਥਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੂੰ ਆਪਣੇ ਹੱਕਾਂ ਦੀ ਰਾਖੀ ਕਰਨ ਅਤੇ ਇਨਸਾਫ ਲੈਣ ਲਈ ਵੱਡੀ ਜਨਤਕ ਲਹਿਰ ਖੜੀ ਕਰਨ ਦੀ ਲੋੜ ਹੈ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਦੋਵੇ ਘਟਨਾਵਾਂ ਦੇ ਮੁਲਜ਼ਮਾਂ ਖ਼ਿਲਾਫ਼ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਜਥੇਬੰਦੀ ਵੱਲੋ ਥਾਣੇ ਅੱਗੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।
ਨੌਜਵਾਨ ਦੀ ਮੌਤ ਮਾਮਲੇ ’ਚ ਇਨਸਾਫ਼ ਦੀ ਮੰਗ
ਸਿਰਸਾ (ਪ੍ਰਭੂ ਦਿਆਲ): ਇਥੋਂ ਦੇ ਕਸਬੇ ਰਾਣੀਆਂ ਸਥਿਤ ਨਾਨੂਆਣਾ ਰੋਡ ਵਾਸੀ ਇਕ ਨੌਜਵਾਨ ਦੇ ਭੇਦਭਰੀ ਹਾਲਾਤ ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਪੀੜਤ ਪਰਿਵਾਰ ਨੇ ਐੱਸਪੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਮਿਨੀ ਸਕੱਤਰੇਤ ਐੱਸਪੀ ਨੂੰ ਮਿਲਣ ਆਏ ਪੀੜਤ ਪਰਿਵਾਰ ਨੇ ਦੱਸਿਆ ਹੈ ਕਿ ਬੀਤੀ 8 ਸੰਤਬਰ ਕਾਲਾ ਸਿੰਘ ਤੇ ਬਿੰਦਰ ਸਿੰਘ ਉਨ੍ਹਾਂ ਦੇ ਪੁੱਤਰ ਸੁਖਵਿੰਦਰ ਸਿੰਘ ਨੂੰ ਘਰੋਂ ਨਹਿਰ ’ਚ ਨਹਾਉਣ ਦੇ ਬਹਾਨੇ ਸੱਦ ਕੇ ਲੈ ਗਏ ਸਨ ਪਰ ਸੁਖਵਿੰਦਰ ਸਿੰਘ ਕਾਫੀ ਦੇਰ ਘਰ ਨਾ ਆਇਆ ਤਾਂ ਪਰਿਵਾਰ ਵੱਲੋਂ ਉਸ ਦੀ ਭਾਲ ਕੀਤੀ ਗਈ ਪਰ ਉਸ ਦਾ ਕੋਈ ਥਹੁ ਪਤਾ ਨਹੀਂ ਲੱਗਿਆ। ਇਸ ਦੀ ਸ਼ਿਕਾਇਤ ਰਾਣੀਆਂ ਪੁਲੀਸ ਥਾਣੇ ਕੀਤੀ ਗਈ ਸੀ। ਸੁਖਵਿੰਦਰ ਸਿੰਘ ਦੀ ਲਾਸ਼ ਨਹਿਰ ’ਚੋਂ ਬਰਾਮਦ ਹੋਈ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਕਾਲਾ ਸਿੰਘ ਤੇ ਬਿੰਦਰ ਸਿੰਘ ਨੇ ਸੁਵਿੰਦਰ ਨੂੰ ਕਥਿਤ ਤੌਰ ’ਤੇ ਮਾਰ ਕੇ ਨਹਿਰ ਵਿੱਚ ਸੁੱਟਿਆ ਹੈ।