ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇ ਕਲਾਂ, 11 ਜੂਨ
ਪੰਜਾਬ ਸਰਕਾਰ ਵੱਲੋਂ ਖੇਤੀ ਸੈਕਟਰ ਨੂੰ 8 ਘੰਟੇ ਬਿਜਲੀ ਸਪਲਾਈ ਦੇ ਦਾਅਵੇ ਖੋਖਲੇ ਸਾਬਤ ਹੋਣ ਲੱਗੇ ਹਨ। ਪਹਿਲੇ ਹੀ ਦਿਨ ਝੋਨੇ ਲਈ ਬਿਜਲੀ ਸਪਲਾਈ ਪੂਰੀ ਨਾ ਮਿਲਣ ਕਰਾਨ ਭਾਵੇਂ ਅੱਜ ਕਈ ਫੀਡਰਾਂ ਨੂੰ ਬਿਕਾਇਆ ਸਪਲਾਈ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। 8 ਘੰਟੇ ਬਿਜਲੀ ਸਪਲਾਈ ਵਿੱਚ ਲੱਗੇ ਕੱਟਾਂ ਤੋਂ ਦੁਖੀ ਹੋਏ ਪਿੰਡ ਪੱਖੋ ਕਲਾਂ, ਧੂਰਕੋਟ ਤੇ ਅਕਲੀਆ ਦੇ ਕਿਸਾਨਾਂ ਨੇ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ 66 ਕੇ.ਵੀ. ਗਰਿੱਡ ਪੱਖੋ ਕਲਾਂ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਤੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਕਿਸਾਨਾਂ ਨੇ ਦੱਸਿਆ ਕਿ ਜਿੱਥੇ ਉਨ੍ਹਾਂ ਨੂੰ ਪੂਰੀ ਸਪਲਾਈ ਨਹੀਂ ਦਿੱਤੀ ਜਾ ਰਹੀ ਉੱਥੇ ਗਰਿੱਡ ਦੇ ਇੱਕ ਜੇਈ ਵੱਲੋਂ ਲੋਕਾਂ ਨਾਲ ਦੁਰਵਿਵਹਾਰ ਵੀ ਕੀਤਾ ਜਾ ਰਿਹਾ ਹੈ। ਇਸ ਜੇਈ ਵੱਲੋਂ ਦੇਰ ਰਾਤ ਤੱਕ ਬਿਜਲੀ ਸਡਿਊਲ ਸਬੰਧੀ ਕਿਸਾਨਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਸਡਿਊਲ ਵਿੱਚ ਹੇਰ ਫੇਰ ਵੀ ਕੀਤੀ। ਇਸ ਸਬੰਧੀ ਪੁੱਛਣ ’ਤੇ ਉਸ ਨੇ ਕਿਸਾਨਾਂ ਨਾਲ ਦੁਰਵਿਵਹਾਰ ਵੀ ਕੀਤਾ ਜਿਸ ਤੋਂ ਭੜਕੇ ਕਿਸਾਨ ਅੱਜ ਸਵੇਰ ਵੇਲੇ ਹੀ ਗਰਿੱਡ ਦੇ ਗੇਟ ਅੱਗੇ ਧਰਨੇ ’ਤੇ ਬਹਿ ਗਏ। ਕਿਸਾਨਾਂ ਵੱਲੋਂ ਖੇਤੀ ਸੈਕਟਰ ਨੂੰ ਐਲਨੀ ਪੂਰੀ 8 ਘੰਟੇ ਬਿਜਲੀ ਸਪਲਾਈ ਦੇਣ ਤੇ ਇਸ ਅਧਿਕਾਰੀ ਨੂੰ ਬਦਲਣ ਦੀ ਮੰਗ ਕੀਤੀ ਜਾ ਰਹੀ ਸੀ।
ਇਸ ਮੌਕੇ ਪਹੁੰਚੇ ਰਵਿੰਦਰ ਸਿੰਘ ਸੇਖੋਂ ਐਕਸੀਅਨ (ਗਰਿੱਡ) ਤੇ ਐੱਸਡੀਓ ਧਰਮਵੀਰ ਸਬਰਵਾਲ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ , ਜਿਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਚੁੱਕ ਲਿਆ।
ਪਾਵਰਕੌਮ ਅਧਿਕਾਰੀਆਂ ਖ਼ਿਲਾਫ ਬਠਿੰਡਾ-ਭਵਾਨੀਗੜ੍ਹ ਮਾਰਗ ਜਾਮ
ਮੌੜ ਮੰਡੀ (ਜਗਤਾਰ ਅਨਜਾਣ) ਬੁੱਧਵਾਰ ਨੂੰ ਮੌੜ ਡਵੀਜ਼ਨ ’ਚ ਪਾਵਰਕੌਮ ਦੇ ਅਧਿਕਾਰੀਆਂ ਦੀ ਲਾਹਪ੍ਰਵਾਹੀ ਕਾਰਨ ਨਵੇਂ ਭਰਤੀ ਹੋਏ ਸਹਾਇਕ ਲਾਈਨਮੈਨ ਦੀ ਹੋਈ ਮੌਤ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਭਰਾਤਰੀ ਜਥੇਬੰਦੀਆਂ ਦੀ ਹਮਾਇਤ ਨਾਲ ਮ੍ਰਿਤਕ ਦਾ ਪੋਸਟ ਮਾਰਟਮ ਕਰਵਾਉਣ ਤੋਂ ਇਨਕਾਰ ਕਰਦੇ ਹੋਏ ਬਠਿੰਡਾ-ਭਵਾਨੀਗੜ੍ਹ ਰਾਜ ਮਾਰਗ ’ਤੇ ਸਥਿਤ ਮੌੜ ਮੰਡੀ ਦੇ ਰਾਮਨਗਰ ਕੈਂਚੀਆਂ ’ਤੇ ਧਰਨਾ ਦੇ ਕੇ ਪਾਵਰਕੌਮ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਅਧਿਕਾਰੀਆਂ ਖ਼ਿਲਾਫ ਕਤਲ ਦਾ ਕੇਸ ਦਰਜਜ ਕਰਨ ਦੀ ਮੰਗ ਕੀਤੀ। ਇਸ ਮੌਕੇ ਅਸਿਸਟੈਂਟ ਲਾਈਨ ਮੈਨ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਮਹਿਮਾ, ਮਨਪ੍ਰੀਤ ਸਿੰਘ ਝੰਡੂਕੇ, ਰਣਜੀਤ ਸਿੰਘ ਘੁੰਮਣ ਨੇ ਕਿਹਾ ਕਿ ਸੀਆਰਏ 289/16 ਦੌਰਾਨ ਭਰਤੀ ਹੋਏ ਸਹਾਇਕ ਲਾਈਨ ਮੈਨ ਚਮਕੌਰ ਸਿੰਘ ਪੁੱਤਰ ਗੁਰਦੀਪ ਸਿੰਘ ਮੌੜ ਡਵੀਜ਼ਨ ’ਚ ਏਪੀ ਫੀਡਰ ਦੀ ਜੀਓ ਸਵਿੱਚ 11 ਕੇਵੀ ਉੱਪਰ ਕੰਮ ਕਰ ਰਿਹਾ ਸੀ। ਬਿਜਲੀ ਸਪਲਾਈ ਬੰਦ ਨਾ ਹੋਣ ਕਾਰਨ ਚਮਕੌਰ ਸਿੰਘ ਦੀ 11 ਹਜ਼ਾਰ ਵੋਲਟ ਦਾ ਕਰੰਟ ਲੱਗਣ ਕਾਰਨ ਮੌਕੇ ’ਤੇ ਮੌਤ ਹੋ ਗਈ। ਬੁਲਾਰਿਆ ਨੇ ਕਿਹਾ ਕਿ ਐਫਆਈਆਰ ਨੰਬਰ 53 ਵਿਚ ਦਰਜਜ ਧਾਰਾ 304 ਏ ਵਿਚ ਵਾਧਾ ਕਰਕੇ 302 ਧਾਰਾ ਤਹਿਤ ਮਾਮਲਾ ਦਰਜਜ ਕੀਤਾ ਜਾਵੇ, ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ, ਏਪੀ ਫੀਡਰ ਸਪਲਾਈ ਦੀ ਡਿਟੇਲ ਦਿੱਤੀ ਜਾਵੇ, ਫਰੰਟ ਲਾਈਨ ਦੇ ਅਧੀਨ ਪੰਜਾਬ ਸਟੇਟ ਪਾਵਰਕੌਮ ਕਰਮਚਾਰੀ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਦੂਜੇ ਪਾਸੇ ਮ੍ਰਿਤਕ ਪਰਿਵਾਰ ਤੇ ਸਹਿਯੋਗੀਆਂ ਨੂੰ ਸ਼ਾਂਤ ਕਰਨ ਲਈ ਪਾਵਰਕੌਮ ਵੱਲੋਂ 6 ਮੈਂਬਰੀ ਕਮੇਟੀ ਨੇ ਧਰਨਾਕਾਰੀਆਂ ਨਾਲ ਗੱਲ ਬਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੀਟਿੰਗ ਬੇਸਿੱਟਾ ਰਹੀ।