ਇਕਬਾਲ ਸਿੰਘ ਸ਼ਾਂਤ
ਲੰਬੀ, 6 ਅਕਤੂਬਰ
ਖੇਤੀ ਬਿੱਲਾਂ ਖਿਲਾਫ਼ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਨੇ ਪਿੰਡ ਘੁਮਿਆਰਾ ਵਿਖੇ ਐੱਸਆਰ ਕੰਪਨੀ ਦੇ ਡੀਜ਼ਲ ਪੰਪ ਦੇ ਮੂਹਰੇ ਧਰਨਾ ਦਿੱਤਾ। ਧਰਨਾਕਾਰੀਆਂ ਨੇ ਧਰਨੇ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਅਤੇ ਕਾਰਪੋਰੇਟ ਜਗਤ ਦੇ ਪ੍ਰਤੀਕ ਅੰਕਲ ਸੈਮ ਦੇ ਫੋਟੋ ਬੋਰਡਾਂ ਦੀ ‘ਫੁੱਟਵੀਅਰ’ ਪਰੇਡ ਕਰਕੇ ਕੀਤੀ। ਧਰਨੇ ਵਿੱਚ ਘੁਮਿਆਰਾ, ਲੁਹਾਰਾ, ਵੜਿੰਗਖੇੜਾ, ਕਿੱਲਿਆਂਵਾਲੀ, ਸਿੰਘੇਵਾਲਾ, ਮਿਠੜੀ, ਗੱਗੜ, ਸਿੱਖਵਾਲਾ, ਖੁੱਡੀਆਂ ਅਤੇ ਹੋਰਨਾਂ ਪਿੰਡਾਂ ਦੇ ਕਿਸਾਨਾਂ ਨੇ ਹਿੱਸਾ ਲਿਆ।
31 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਧਰਨੇ ਨੂੰ ਸੰਬੋਧਨ ਕਰਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇਵਾਲਾ ਨੇ ਕਿਹਾ ਕਿ ਨਰਿੰਦਰ ਮੋਦੀ ਅਤੇ ਕਾਰਪੋਰੇਟ ਪ੍ਰਤੀਕ ‘ਅੰਕਲ ਸੈਮ’ ਦੇ ਫੋਟੋ ਦੀ ਫੁੱਟਵੀਅਰ ਪਰੇਡ ਰੋਜ਼ਾਨਾ ਜਾਰੀ ਰਹੇਗੀ। ਇਹ ਸਿਲਸਿਲਾ ਪਿੰਡ ਪਿੰਡ ਚਲਾਇਆ ਜਾਵੇਗਾ। ਭਾਰੀ ਗਿਣਤੀ ’ਚ ਨੌਜਵਾਨ ਲੜਕੇ, ਲੜਕੀਆਂ ਤੇ ਔਰਤਾਂ ਸਮੇਤ ਸੈਂਕੜਿਆਂ ਦੀ ਗਿਣਤੀ ’ਚ ਕਿਸਾਨ ਪੁੱਜੇ। ਇਕੱਠ ਨੂੰ ਸੰਬੋਧਨ ਕਰਨ ਵਾਲੇ ਜਥੇਬੰਦੀ ਦੇ ਬੁਲਾਰਿਆਂ ਵਿੱਚ ਬਲਾਕ ਆਗੂ ਹਰਪਾਲ ਸਿੰਘ ਕਿਲਿਆਂਵਾਲੀ, ਮਨੋਹਰ ਸਿੰਘ ਸਿੱਖਵਾਲਾ, ਭੂਰਾ ਸਿੰਘ ਚੰਨੂੰ, ਮਲਕੀਤ ਸਿੰਘ ਗੱਗੜ ਸਮੇਤ ਨਵੇਂ ਨੌਜਵਾਨ ਬੁਲਾਰੇ ਵੀ ਸ਼ਾਮਲ ਹੋਏ। ਜਥੇਬੰਦੀਆਂ ਵੱਲੋਂ ਕਿਸਾਨੀ ਮੰਗਾਂ ਅਤੇ ਮਸਲਿਆਂ ਸਬੰਧੀ ‘ਕਿਸਾਨਾਂ ਦੇ ਨਾਂਅ ਸੱਦਾ’ ਸਿਰਲੇਖ ਹੇਠ ਦੋ ਲੱਖ ਹੱਥ ਪਰਚਾ ਛਾਪ ਕੇ ਘਰ ਘਰ ਵੰਡਿਆ ਜਾ ਰਿਹਾ ਹੈ।
ਮੋਦੀ ਭਗਤਾਂ ਨੂੰ ਕੀਤਾ ਜਾਵੇਗਾ ਲਾਜਵਾਬ
ਕਿਸਾਨਾਂ ਆਗੂਆਂ ਨੇ ਵਜੂਦ ਦੀ ਲੜਾਈ ’ਚ ਕਿਸਾਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਾਰੀ ਖੇਤੀ ਕਾਨੂੰਨਾਂ ਦੇ ਪੱਖ ਖ਼ਿਲਾਫ਼ ਡਟਵਾਂ ਸਟੈਂਡ ਲੈ ਲਿਆ ਹੈ। ਭਾਕਿਯੂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਕਾਲੇ ਖੇਤੀ ਬਿੱਲਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਵਾਲੇ ਮੋਦੀ-ਭਗਤਾਂ ਨੂੰ ਥਾਂ-ਥਾਂ ਘੇਰ ਕੇ ਲਾਜਵਾਬ ਕੀਤਾ ਜਾਵੇ।