ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 26 ਅਗਸਤ
ਗੁਲਾਬੀ ਸੁੰਡੀ ਨਾਲ ਤਬਾਹ ਹੋਈ ਨਰਮੇ ਦੀ ਫਸਲ ਦਾ ਮੁਆਵਜ਼ਾ ਲੈਣ ਤੇ ਰਾਮਾਂ ਮੰਡੀ ਦੀਆਂ ਦੋ ਆੜ੍ਹਤੀਆਂ ਵੱਲੋਂ ਕਰਜ਼ੇ ਬਦਲੇ ਪਿੰਡ ਚੱਠੇਵਾਲਾ ਦੇ ਦੋ ਕਿਸਾਨਾਂ ਦੀ ਜ਼ਮੀਨ ਦੀ ਲਿਆਂਦੀ ਕੁਰਕੀ ਰੋਕਣ ਸਬੰਧੀ ਬੀਕੇਯੂ ਏਕਤਾ (ਉਗਰਾਹਾਂ) ਦੀ ਅਗਵਾਈ ਵਿੱਚ ਕਿਸਾਨਾਂ ਨੇ ਅੱਜ ਸਥਾਨਕ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਕਿਸਾਨ ਆਗੂ ਜਗਦੇਵ ਸਿੰਘ ਜੋਗੇਵਾਲਾ, ਮੋਹਨ ਸਿੰਘ ਚੱਠੇਵਾਲਾ ਨੇ ਕਿਹਾ ਕਿ ਮਾੜੇ ਬੀਜਾਂ ਤੇ ਘਟੀਆ ਕੀਟਨਾਸ਼ਕਾਂ ਕਰਕੇ ਨਰਮੇ ਦੀ ਫਸਲ ਤਬਾਹ ਹੋ ਗਈ। ਜਿਸ ਕਰਕੇ ਜਿੱਥੇ ਪਹਿਲਾਂ ਹੀ ਕਰਜ਼ਿਆਂ ਵਿੱਚ ਡੁੱਬੇ ਕਿਸਾਨਾਂ ਦੀ ਆਰਥਿਕ ਹਾਲਤ ਹੋਰ ਮਾੜੀ ਹੋ ਗਈ ਹੈ ਉਥੇ ਨਰਮੇ ਦੀ ਚੁਗਾਈ ਕਰਨ ਵਾਲੇ ਖੇਤ ਮਜ਼ਦੂਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਨਰਮੇ ਦੀ ਪਿਛਲੀ ਫਸਲ ਦਾ ਰਹਿੰਦਾ ਮੁਆਵਜ਼ੇ ਦਾ ਬਕਾਇਆ ਦਿੱਤਾ ਜਾਵੇ ਹੁਣ ਚਿੱਟੇ ਮੱਛਰ ਤੇ ਗੁਲਾਬੀ ਸੁੰਡੀ ਨਾਲ ਤਬਾਹ ਹੋਈ ਨਰਮੇ ਦੀ ਫਸਲ ਦੀਆਂ ਵਿਸ਼ੇਸ਼ ਗਿਰਦਾਵਰੀਆਂ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਧਰਨੇ ਦੌਰਾਨ ਕਿਸਾਨ ਆਗੂਆਂ ਨੇ ਰਾਮਾਂ ਮੰਡੀ ਦੇ ਦੋ ਵੱਖ ਵੱਖ ਆੜ੍ਹਤੀਆਂ ਵੱਲੋਂ ਜੁਡੀਸੀਅਲ ਕੋਰਟ ਵਿੱਚੋਂ ਕਰਜ਼ੇ ਬਦਲੇ ਪਿੰਡ ਚੱਠੇਵਾਲਾ ਦੇ ਦੋ ਕਿਸਾਨਾਂ ਰਾਣਾ ਸਿੰਘ ਅਤੇ ਬੂਟਾ ਸਿੰਘ ਦੀ ਜ਼ਮੀਨ ਦੀ ਲਿਆਂਦੀ ਕੁਰਕੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਕਰਜ਼ੇ ਬਦਲੇ ਕਿਸੇ ਵੀ ਕਿਸਾਨ ਦੀ ਜ਼ਮੀਨ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ।