ਭਗਵਾਨ ਦਾਸ ਗਰਗ
ਨਥਾਣਾ, 25 ਫਰਵਰੀ
ਇਲਾਕੇ ਦੇ ਪਿੰਡਾਂ ਵਿੱਚ ਚਿੱਟੇ ਅਤੇ ਸਿੰਥੈਟਿਕ ਨਸ਼ਿਆਂ ਦੀ ਸ਼ਰੇਆਮ ਹੋ ਰਹੀ ਵਿਕਰੀ ਨੂੰ ਰੁਕਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਸਥਾਨਕ ਥਾਣੇ ਦੇ ਮੁੱਖ ਗੇਟ ਅੱਗੇ ਰੋਸ ਧਰਨਾ ਦਿੱਤਾ ਗਿਆ। ਆਸ-ਪਾਸ ਦੇ ਪਿੰਡਾਂ ਦੀਆਂ ਵੱਡੀ ਗਿਣਤੀ ਮਹਿਲਾਵਾਂ ਨੇ ਵੀ ਇਸ ਰੋਸ ਧਰਨੇ ਵਿੱਚ ਸ਼ਮੂਲੀਅਤ ਕੀਤੀ। ਇਸ ਦੌਰਾਨ ਡੀਐੱਸਪੀ ਹਰਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ ਅਗਲੇ ਦੋ ਦਿਨਾਂ ਬਾਅਦ ਪਿੰਡਾਂ ਦੇ ਨਸ਼ਾ ਤਸਕਰਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ, ਜਿਸ ਤੋਂ ਬਾਅਦ ਲੋਕ ਸ਼ਾਂਤ ਹੋਏ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਸਿਆਸਤਦਾਨਾਂ, ਨਸ਼ਾ ਤਸਕਰਾਂ ਅਤੇ ਪੁਲੀਸ ਦੇ ਗੱਠਜੋੜ ਕਾਰਨ ਜਿਥੇ ਨਸ਼ੇ ਵੇਚਣ ਵਾਲਿਆਂ ਦੇ ਹੌਸਲੇ ਬੁਲੰਦ ਹਨ ਉਥੇ ਪਿੰਡਾਂ ਦੀ ਨੌਜਵਾਨ ਪੀੜੀ ਬਰਬਾਦੀ ਵੱਲ ਜਾ ਰਹੀ ਹੈ। ਯੂਨੀਅਨ ਦੇ ਬਲਾਕ ਆਗੂਆਂ ਲਖਵੀਰ ਸਿੰਘ, ਅਵਤਾਰ ਸਿੰਘ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਜਸਵੰਤ ਸਿੰਘ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਨਸ਼ਾਂ ਵੇਚਣ ਵਾਲਿਆਂ ਦੀ ਪਛਾਣ ਹੈ ਅਤੇ ਉਹ ਇਹ ਮਾਮਲਾ ਪੁਲੀਸ ਦੇ ਧਿਆਨ ਵਿੱਚ ਵੀ ਲਿਆ ਚੁੱਕੇ ਹਨ ਪ੍ਰੰਤੂ ਇਸ ਨਸ਼ਾ ਤਸਕਰਾ ਖਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕਰ ਰਹੀ। ਬੁਲਾਰਿਆਂ ਨੇ ਆਖਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪਿੰਡਾਂ ’ਚ ਤਸਕਰਾ ਖਿਲਾਫ਼ ਮੁਹਿੰਮ ਵਿੱਢਣ ਦੀ ਲੋੜ ਹੈ। ਆਗੂਆਂ ਨੇ ਪੁਲੀਸ ਨੂੰ ਨਸ਼ਾ ਤਸਕਰਾਂ ਦੀ ਸੂਚੀ ਦਿੰਦਿਆਂ ਸਪੱਸ਼ਟ ਕੀਤਾ ਕਿ ਜੇਕਰ ਇਨ੍ਹਾਂ ਨਸ਼ਾ ਤਸਕਰਾ ਖਿਲਾਫ਼ ਕੋਈ ਕਾਰਵਾਈ ਨਾ ਕੀਤੀ ਤਾਂ ਪਿੰਡਾਂ ਦੇ ਲੋਕਾਂ ਨੂੰ ਲਾਮਬੰਦ ਕਰਕੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।