ਪੱਤਰ ਪ੍ਰੇਰਕ
ਗਿੱਦੜਬਾਹਾ, 30 ਜਨਵਰੀ
ਬੀਤੀ 26 ਜਨਵਰੀ ਦੀ ਸ਼ਾਮ ਆਪਣੇ ਬੱਚਿਆਂ ਨੂੰ ਟਿਊਸ਼ਨ ਛੱਡ ਕੇ ਪੰਕਜ ਕੁਮਾਰ (23) ਪੁੱਤਰ ਰਮੇਸ਼ ਕੁਮਾਰ ਵਾਸੀ ਗਿੱਦੜਬਾਹਾ ਘਰ ਵਾਪਸ ਨਹੀਂ ਪਰਤਿਆ। ਪਰਿਵਾਰਕ ਮੈਂਬਰਾਂ ਨੇ ਅੱਜ ਪੁਲੀਸ ਸਟੇਸ਼ਨ ਗਿੱਦੜਬਾਹਾ ਦੇ ਬਾਹਰ ਧਰਨਾ ਲਗਾ ਕੇ ਪੁਲੀਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਪੰਕਜ ਕੁਮਾਰ ਦੇ ਮਾਮਾ ਰਣਜੀਤ ਸ਼ਰਮਾ, ਕੈਲਾਸ਼ ਸ਼ਾਸਤਰੀ ਅਤੇ ਰਾਜੂ ਸਹਾਰਨ ਨੇ ਦੱਸਿਆ ਕਿ 5 ਦਿਨਾਂ ਤੋਂ ਉਹ ਲਗਾਤਾਰ ਥਾਣਾ ਗਿੱਦੜਬਾਹਾ ਦੇ ਚੱਕਰ ਲਗਾ ਰਹੇ ਹਨ ਪਰ ਪੁਲੀਸ ਕੋਈ ਸੁਣਵਾਈ ਨਹੀਂ ਕਰ ਰਹੀ। ਉਨ੍ਹਾਂ ਦੱਸਿਆ ਕਿ ਪੰਕਜ ਦੇ ਦੋਨੋਂ ਮੋਬਾਈਲ ਫੋਨ ਵੀ 26 ਜਨਵਰੀ ਤੋਂ ਲਗਾਤਾਰ ਬੰਦ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ 27 ਜਨਵਰੀ ਨੂੰ ਗੁੰਮਸ਼ੁਦਗੀ ਰਿਪੋਰਟ ਤਾਂ ਦਰਜ ਕਰ ਲਈ ਗਈ ਪਰ ਉਪਰੰਤ ਕੋਈ ਵੀ ਹੋਰ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਚੋਣਾਂ ਵਿਚ ਰੁੱਝੇ ਹੋਣ ਦਾ ਕਹਿ ਕੇ ਟਾਲਿਆ ਜਾ ਰਿਹਾ ਹੈ। ਉੱਧਰ ਥਾਣਾ ਗਿੱਦੜਬਾਹਾ ਦੇ ਐੱਸ.ਐੱਚ.ਓ. ਮਨਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਗੁੰਮਸ਼ੁਦਗੀ ਰਿਪੋਰਟ ਦਰਜ ਕਰਦੇ ਹੋਏ ਇਸ਼ਤਿਹਾਰ ਵੀ ਜਾਰੀ ਕਰਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸੀ.ਡੀ.ਆਰ. ਅੱਜ ਪ੍ਰਾਪਤ ਹੋਈ ਹੈ ਅਤੇ ਇਸ ਆਧਾਰ ’ਤੇ ਪੜਤਾਲ ਕੀਤੀ ਜਾ ਰਹੀ ਹੈ।