ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 2 ਸਤੰਬਰ
ਇੱਥੋਂ ਨੇੜਲੇ ਪਿੰਡ ਦਿਆਲਪੁਰਾ ਮਿਰਜ਼ਾ ਦੀਆਂ ਦੋ ਧਿਰਾਂ ਵਿਚਕਾਰ ਇਕ ਝਗੜੇ ਵਿੱਚ ਸਥਾਨਕ ਪੁਲੀਸ ਵੱਲੋਂ ਕਾਰਵਾਈ ਨਾ ਕਰਨ ਕਾਰਨ ਰੋਹ ਵਿੱਚ ਆਈ ਇਕ ਧਿਰ ਵੱਲੋਂ ਅੱਜ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਅਗਵਾਈ ਹੇਠ ਥਾਣਾ ਭਗਤਾ ਭਾਈ ਅੱਗੇ ਧਰਨਾ ਲਗਾ ਕੇ ਬਾਜਾਖਾਨਾ-ਬਰਨਾਲਾ ਰੋਡ ’ਤੇ ਜਾਮ ਲਗਾ ਦਿੱਤਾ ਗਿਆ। ਧਰਨਾਕਾਰੀ ਦੋ ਘੰਟੇ ਤਕ ਰੋਡ ਉੱਪਰ ਹੀ ਬੈਠੇ ਰਹੇ। ਇਸ ਦੌਰਾਨ ਧਰਨਾਕਾਰੀਆਂ ਨੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਇਨਸਾਫ਼ ਦੀ ਮੰਗ ਕੀਤੀ। ਇਸੇ ਦੌਰਾਨ ਧਰਨਾਕਾਰੀਆਂ ਅਤੇ ਰਾਹਗੀਰਾਂ ਵਿਚਕਾਰ ਇੱਥੋਂ ਦੀ ਲੰਘਣ ਦੇ ਮਾਮਲੇ ਵਿੱਚ ਕਾਫ਼ੀ ਤਲਖ਼ ਕਲਾਮੀ ਵੀ ਹੋਈ। ਇਸ ਦੌਰਾਨ ਖੱਜਲ ਹੋ ਰਹੇ ਰਾਹਗੀਰਾਂ ਨੇ ਕਿਹਾ ਕਿ ਅਤਿ ਦੀ ਗਰਮੀ ਵਿਚ ਇਸ ਜਾਮ ਕਾਰਨ ਉਨ੍ਹਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ।
ਇਸ ਮੌਕੇ ਬੀਕੇਯੂ (ਸਿੱਧੂਪੁਰ) ਦੇ ਆਗੂਆਂ ਬਲਜਿੰਦਰ ਸਿੰਘ ਕਾਲਾ, ਅੰਗਰੇਜ਼ ਸਿੰਘ ਕਲਿਆਣ ਅਤੇ ਮੰਦਰ ਸਿੰਘ ਕਲਿਆਣ ਨੇ ਦੋਸ਼ ਲਗਾਇਆ ਕਿ ਪੁਲੀਸ ਕਾਰਵਾਈ ਕਰਨ ਵਿਚ ਢਿੱਲ-ਮੱਠ ਵਾਲੀ ਨੀਤੀ ਅਪਣਾ ਰਹੀ ਸੀ। ਪੁਲੀਸ ਵੱਲੋਂ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਧਰਨਾਕਾਰੀਆਂ ਨੇ ਜਾਮ ਸਮਾਪਤ ਕਰ ਦਿੱਤਾ।