ਪੱਤਰ ਪ੍ਰੇਰਕ
ਜੈਤੋ, 11 ਜੁਲਾਈ
ਮਜ਼ਦੂਰ ਯੂਨੀਅਨ ਪੰਜਾਬ ਨੇ ਜੈਤੋ ਬਲਾਕ ਦੇ ਇੱਕ ਗ੍ਰਾਮ ਰੁਜ਼ਗਾਰ ਸਹਾਇਕ (ਜੀਆਰਐਸ) ਖ਼ਿਲਾਫ਼ ਕਾਰਵਾਈ ਦੀ ਮੰਗ ਲੈ ਕੇ ਅੱਜ ਇੱਥੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (ਬੀਡੀਪੀਓ) ਦੇ ਦਫ਼ਤਰ ਅੱਗੋਂ ਲੰਘਦੀ ਜੈਤੋ-ਬਠਿੰਡਾ ਸੜਕ ’ਤੇ ਧਰਨਾ ਲਾ ਕੇ ਆਵਾਜਾਈ ਠੱਪ ਕੀਤੀ।
ਯੂਨੀਅਨ ਦੇ ਸੂਬਾ ਕਨਵੀਨਰ ਅੰਗਰੇਜ਼ ਸਿੰਘ ਨੇ ਦੋਸ਼ ਲਾਇਆ ਕਿ ਜੀਆਰਐਸ ਨੇ ਮਗਨਰੇਗਾ ਕਾਮਿਆਂ ਦੀ ਹਾਜ਼ਰੀ ਲਾਉਣ ’ਚ ਕਥਿਤ ਪੱਖਪਾਤ ਕੀਤਾ ਅਤੇ ਮਗਨਰੇਗਾ ਮਹਿਲਾ ਕਾਮਿਆਂ ਪ੍ਰਤੀ ਉਸ ਦਾ ਵਿਹਾਰ ਠੀਕ ਨਹੀਂ। ਕਰੀਬ ਤਿੰਨ ਘੰਟਿਆਂ ਬਾਅਦ ਤਹਿਸੀਲਦਾਰ ਜੈਤੋ ਅਨਿਲ ਕੁਮਾਰ ਅਤੇ ਬੀਡੀਪੀਓ ਜੈਤੋ ਅਭਿਨਵ ਗੋਇਲ ਨੇ ਧਰਨਕਾਰੀਆਂ ਕੋਲ ਪਹੁੰਚ ਕੇ ਐਲਾਨ ਕੀਤਾ ਕਿ ਜੀਆਰਐਸ ਸੁਖਜਿੰਦਰ ਸਿੰਘ ਦਾ ਤਬਾਦਲਾ ਕਿਸੇ ਹੋਰ ਸਰਕਲ ਦਾ ਕਰ ਦਿੱਤਾ ਗਿਆ ਹੈ। ਇਸ ਤੋਂ ਸੰਤੁਸ਼ਟ ਹੁੰਦਿਆਂ ਪ੍ਰਦਰਸ਼ਨਕਾਰੀਆਂ ਨੇ ਧਰਨਾ ਖਤਮ ਕਰ ਦਿੱਤਾ। ਧਰਨੇ ਨੂੰ ਸਿਕੰਦਰ ਸਿੰਘ ਅਜਿੱਤਗਿੱਲ ਗੁਰਦੇਵ ਸਿੰਘ ਗੋਰਾ ਰੋੜੀਕਪੂਰਾ, ਦਰਸ਼ਨ ਸਿੰਘ ਦਬੜ੍ਹੀਖਾਨਾ, ਮਨਦੀਪ ਕੌਰ ਆਦਿ ਨੇ ਵੀ ਸੰਬੋਧਨ ਕੀਤਾ।