ਪੱਤਰ ਪ੍ਰੇਰਕ
ਮਾਨਸਾ, 19 ਅਪਰੈਲ
ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਮਾਨਸਾ ਵੱਲੋਂ ਐਕਸੀਅਨ ਸੀਵਰੇਜ ਬੋਰਡ ਤੇ ਐਕਸੀਅਨ ਨਹਿਰੀ ਵਿਭਾਗ ਜਵਾਹਰਕੇ ਦੇ ਦਫ਼ਤਰ ’ਚ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਜਨਕ ਸਿੰਘ ਫਤਹਿਪੁਰ ਨੇ ਕਿਹਾ ਕਿ ਜੋ ਕਰਮਚਾਰੀ ਪਹਿਲੀ ਜਨਵਰੀ, 2016 ਤੋਂ ਬਾਅਦ ਸੇਵਾ ਮੁਕਤ ਹੋਏ ਹਨ, ਉਨ੍ਹਾਂ ਦੇ ਨਵੇਂ ਪੇਅ-ਸਕੇਲ ਫਿਕਸੇਸ਼ਨ ਕਰਕੇ ਲੇਖਾਕਾਰ ਅਫਸਰ ਪੰਜਾਬ ਨੂੰ ਭੇਜੇ ਜਾਣ, ਜਿਸ ਤੋਂ ਬਾਅਦ ਐਕਸੀਅਨ ਨਹਿਰੀ ਵਿਭਾਗ ਨੇ ਜਥੇਬੰਦੀ ਨੂੰ ਭਰੋਸਾ ਦਿੱਤਾ ਕਿ ਸੇਵਾ ਮੁਕਤ ਹੋਏ ਕਰਮਚਾਰੀਆਂ ਦੇ ਕੇਸ ਭੇਜ ਦਿੱਤੇ ਗਏ ਹਨ ਤੇ ਕੁਝ ਕੇਸ ਹਾਲੇ ਭੇਜਣੇ ਬਾਕੀ ਹਨ, ਪਰ ਉਨ੍ਹਾਂ ਨੂੰ ਭੇਜਣ ਵਿੱਚ ਮੁਸ਼ਕਿਲ ਆ ਰਹੀ ਹੈ ਉਨ੍ਹਾਂ ਨੂੰ ਜਲਦੀ ਠੀਕ ਕਰਵਾਕੇ ਭੇਜ ਦਿੱਤਾ ਜਾਵੇਗਾ।
ਉਧਰ, ਸੀਵਰੇਜ ਬੋਰਡ ਮਾਨਸਾ ਦੇ ਦਫ਼ਤਰ ਵਿੱਚ ਲਾਏ ਧਰਨੇ ਨੂੰ ਸੰਬੋਧਨ ਕਰਦਿਆਂ ਮੱਖਣ ਸਿੰਘ ਉਡਤ ਤੇ ਸਤਪਾਲ ਸਿੰਘ ਨੇ ਕਿਹਾ ਕਿ ਵਰਕਰਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ, ਜਿਸ ਕਾਰਨ ਵਰਕਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਉੱਚ ਅਧਿਕਾਰੀਆਂ ਵੱਲੋਂ ਜਥੇਬੰਦੀ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ, ਜਿਸ ਕਾਰਨ 21 ਅਪਰੈਲ ਨੂੰ ਮੁੜ ਧਰਨਾ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਹਰਬੰਸ ਸਿੰਘ,ਸੁਭਾਸ ਕੁਮਾਰ, ਬੇਅੰਤ ਸਿੰਘ ਅਤੇ ਬਲਜਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।