ਪਰਮਜੀਤ ਸਿੰਘ
ਫਾਜ਼ਿਲਕਾ, 19 ਅਕਤੂਬਰ
ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਫਾਜ਼ਿਲਕਾ ਸ਼ਹਿਰ ’ਚ ਵਿਕਾਸ ਕੰਮਾਂ ਨੂੰ ਲੈ ਕੇ ਕੀਤੇ ਜਾ ਰਹੇ ਭੇਦਭਾਵ ਦੇ ਵਿਰੋਧ ’ਚ ਅੱਜ ਨਗਰ ਕੌਂਸਲ ਦੇ ਅੰਦਰ ਧਰਨਾ ਲਗਾ ਕੇ ਜ਼ੋਰਦਾਰ ਨਾਅਰੇਬਾਜੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਦੀਪ ਕੰਬੋਜ ਜ਼ਿਲ੍ਹਾ ਪ੍ਰਧਾਨ, ਸਮਰਬੀਰ ਸਿੰਘ ਹਲਕਾ ਇੰਚਾਰਜ਼ ਫਾਜ਼ਿਲਕਾ, ਬਲਾਕ ਪ੍ਰਧਾਨ ਭਜਨ ਲਾਲ, ਹਰਜੀਤ ਸਿੰਘ ਸ਼ਾਹਰੀ ਜ਼ਿਲ੍ਹਾ ਐਸ.ਸੀ. ਪ੍ਰਧਾਨ, ‘ਆਪ’ ਦੇ ਪ੍ਰਦੇਸ਼ ਸਕੱਤਰ ਅਰੁਣ ਵਧਵਾ, ਵਾਰਡ ਨੰਬਰ ਇਕ ਤੋਂ ਕੌਂਸਲਰ ਸੋਮਾ ਬਾਈ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਫਾਜ਼ਿਲਕਾ ਸ਼ਹਿਰ ’ਚ ਜਿਨ੍ਹਾਂ ਵਾਰਡਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੇ ਸਨ ਜਾਂ ਜਿਨ੍ਹਾਂ ਵਾਰਡਾਂ ਤੋਂ ‘ਆਪ’ ਉਮੀਦਵਾਰ ਖੜ੍ਹੇ ਸਨ ਉਨ੍ਹਾਂ ਵਾਰਡਾਂ ’ਚ ਵਿਕਾਸ ਦੇ ਕੰਮਾਂ ’ਚ ਭੇਦਭਾਵ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਦੇ ਵਾਰਡ ਨੰਬਰ 1 ’ਚ ਕਈ ਥਾਵਾਂ ’ਤੇ ਪਹਿਲਾਂ ਬਣੀਆਂ ਸੜਕਾਂ ਨੂੰ ਤੋੜ ਕੇ ਨਗਰ ਕੌਂਸਲ ਵੱਲੋਂ ਦੁਬਾਰਾ ਸੜਕਾਂ ਬਣਾਈਆਂ ਗਈਆਂ ਹਨ ਜੋ ਅਧੂਰੀਆਂ ਹੀ ਹਨ। ਉਨ੍ਹਾਂ ਦੱਸਿਆ ਕਿ ਜੇ ਇਕ ਪਾਸੇ ਸੜਕ ਬਣਾਈ ਗਈ ਹੈ ਤਾਂ ਪਹਿਲਾਂ ਬਣੀ ਦੂਸਰੇ ਪਾਸੇ ਵਾਲੀ ਸੜਕ ਨੀਵੀਂ ਹੋ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜਿੱਥੇ ਜਿੱਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤੇ ਸਨ ਨਗਰ ਕੌਂਸਲ ਪ੍ਰਧਾਨ ਵੱਲੋਂ ਉੱਥੇ ਉੱਥੇ ਹੀ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ ਬਾਕੀ ਵਾਰਡਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਜੇ ਵਿਕਾਸ ਦੇ ਕੰਮ ਕਰਵਾਏ ਵੀ ਜਾਂਦੇ ਹਨ ਤਾਂ ਉਹ ਵੀ ਅੱਧੇ ਅਧੂਰੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਕਈ ਵਾਰ ਨਗਰ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਚਦੇਵਾ ਨੂੰ ਮਿਲਕੇ ਦੱਸਿਆ ਗਿਆ ਹੈ ਤੇ ਲਿਖਤੀ ਰੂਪ ’ਚ ਦਿੱਤਾ ਗਿਆ ਹੈ, ਪਰ ਉਨ੍ਹਾਂ ਵੱਲੋਂ ਹਰ ਵਾਰ ਲਾਰਾ ਲਗਾ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ। ਜਿਸ ਤੋਂ ਪ੍ਰ੍ਰੇਸ਼ਾਨ ਹੋ ਕੇ ਅੱਜ ਨਗਰ ਕੌਂਸਲ ਦਫ਼ਤਰ ’ਚ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਨਗਰ ਕੌਂਸਲ ਵੱਲੋਂ ਵਿਕਾਸ ਦੇ ਕੰਮਾਂ ਸਬੰਧੀ ਉਕਤ ਵਾਰਡਾਂ ਨਾਲ ਭੇਦਭਾਵ ਬੰਦ ਨਾ ਕੀਤਾ ਗਿਆ ਤੇ ਵਿਕਾਸ ਦੇ ਸਹੀ ਕੰਮ ਨਾ ਕਰਵਾਏ ਗਏ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਚਰਨਜੀਤ ਕੌਰ ਮੈਣੀ ਜ਼ਿਲ੍ਹਾ ਮਹਿਲਾ ਵਿੰਗ ਪ੍ਰਧਾਨ, ਮਾਸਟਰ ਸੁਨੀਲ ਸਚਦੇਵਾ, ਕੌਂਸਲਰ ਪੂਜਾ ਲੂਥਰਾ ਅਤੇ ਆਮ ਆਦਮੀ ਪਾਰਟੀ ਦੇ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ।
ਕੈਪਸ਼ਨ: ਫਾਜ਼ਿਲਕਾ ਦੇ ਨਗਰ ਕੌਂਸਲ ਦਫ਼ਤਰ ’ਚ ਧਰਨਾ ਦੇ ਕੇ ਪ੍ਰਦਰਸ਼ਨ ਕਰਦੇ ਹੋਏ ‘ਆਪ’ ਆਗੂ ਤੇ ਵਰਕਰ।