ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 14 ਅਕਤੂਬਰ
ਬਠਿੰਡਾ ਦੇ ਇਕ ਹੋਟਲ ’ਚ ਹੋਣ ਵਾਲੇ ਲੜਕੀਆਂ ਦੇ ਸੁੰਦਰਤਾ ਮੁਕਾਬਲੇ ਦੇ ਵਿਰੋਧ ਵਿੱਚ ਅੱਜ ਭਗਤਾ ਭਾਈ ਵਿਖੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸੀਡੀਪੀਓ ਊਸ਼ਾ ਦੇਵੀ ਦੇ ਨਿਰਦੇਸ਼ਾਂ ਅਨੁਸਾਰ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੇ ਸਹਿਯੋਗ ਨਾਲ ਦਫ਼ਤਰੀ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ’ਚ ਔਰਤਾਂ ਤੇ ਹੋ ਰਹੇ ਜ਼ੁਲਮਾਂ ਵਿਰੁੱਧ ਆਵਾਜ਼ ਉਠਾਈ ਗਈ। ਜ਼ਿਕਰਯੋਗ ਹੈ ਪਿਛਲੇ ਦਿਨੀਂ ਬਠਿੰਡਾ ਵਿੱਚ ਹੋਣ ਵਾਲੇ ਸੁੰਦਰਤਾ ਮੁਕਾਬਲੇ ਸਬੰਧੀ ਇੱਕ ਪੋਸਟਰ ਵਾਇਰਲ ਹੋਇਆ ਸੀ ਜਿਸ ਵਿੱਚ ਜੇਤੂ ਲੜਕੀ ਲਈ ਐਨਆਰਆਈ ਲੜਕੇ ਨਾਲ ਵਿਆਹ ਕਰਵਾਉਣ ਦਾ ਇਨਾਮ ਰੱਖਿਆ ਗਿਆ ਸੀ। ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਨੇ ਕਿਹਾ ਕਿ ਇਹੋ ਜਿਹੇ ਸਮਾਜ ਵਿਰੋਧੀ ਅਨਸਰਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਔਰਤ ਕੋਈ ਸਜਾਵਟ ਦੀ ਵਸਤੂ ਨਹੀਂ ਹੈ। ਇਸ ਮੌਕੇ ਮਨਪ੍ਰੀਤ ਕੌਰ, ਸੁਪਰਵਾਈਜ਼ਰ ਹਰਮੀਤ ਕੌਰ, ਬਿੰਦਰ ਕੌਰ, ਹਰਸੁਖਪਾਲ ਕੌਰ, ਵੀਰਪਾਲ ਕੌਰ, ਸਵਰਨਜੀਤ ਕੌਰ, ਸ਼ੁਸ਼ੀਲ ਕੁਮਾਰ ਹਾਜ਼ਰ ਸਨ।