ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 19 ਮਾਰਚ
ਪਿੰਡ ਸਿਰੀਏਵਾਲਾ ਕੋਲ ਬੀਤੇ ਦਿਨੀਂ ਵਾਪਰੇ ਇੱਕ ਸੜਕ ਹਾਦਸੇ ਲਈ ਜ਼ਿੰਮੇਵਾਰ ਡਰਾਈਵਰ ਦੀ ਗ੍ਰਿਫ਼ਤਾਰੀ ਦੀ ਮੰਗ ਲਈ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਅਤੇ ਪਿੰਡ ਡੋਡ ਦੇ ਲੋਕਾਂ ਵੱਲੋਂ ਥਾਣਾ ਭਗਤਾ ਭਾਈ ਅੱਗੇ ਧਰਨਾ ਦਿੰਦਿਆਂ ਕੋਲੋਂ ਲੰਘਦੀ ਬਾਜਾਖਾਨਾ-ਬਰਨਾਲਾ ਸੜਕ ’ਤੇ ਜਾਮ ਲਾਇਆ ਗਿਆ। ਇਸ ਦੌਰਾਨ ਧਰਨਾਕਾਰੀਆਂ ਨੇ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਦੀ ਨਿਖੇਧੀ ਕਰਦਿਆਂ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਬੀਤੀ 14 ਮਾਰਚ ਦੀ ਰਾਤ ਨੂੰ ਪਿੰਡ ਸਿਰੀਏਵਾਲਾ ਕੋਲ ਵਾਪਰੇ ਇੱਕ ਸੜਕ ਹਾਦਸੇ ਵਿੱਚ ਪਿੰਡ ਡੋਡ ਦੇ 3 ਵਿਅਕਤੀਆਂ ਦੀ ਮੌਤ ਹੋ ਗਈ ਸੀ। ਬੀਕੇਯੂ (ਸਿੱਧੂਪੁਰ) ਪਿੰਡ ਇਕਾਈ ਡੋਡ ਦੇ ਪ੍ਰਧਾਨ ਨਾਹਰ ਸਿੰਘ ਪੱਪਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਵੇਂ ਪੁਲੀਸ ਨੇ ਇਸ ਸੜਕ ਹਾਦਸੇ ਲਈ ਜ਼ਿੰਮੇਵਾਰ ਗੱਡੀ ਦੇ ਡਰਾਈਵਰ ਖਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਪੁਲੀਸ ਵੱਲੋਂ ਉਕਤ ਡਰਾਈਵਰ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੁਲੀਸ ਗ੍ਰਿਫ਼ਤਾਰੀ ਸਬੰਧੀ ਢਿੱਲ-ਮੱਠ ਵਾਲੀ ਨੀਤੀ ਅਪਣਾ ਰਹੀ ਹੈ, ਜਿਸ ਕਾਰਨ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਅੱਜ ਉਨ੍ਹਾਂ ਨੂੰ ਮਜਬੂਰਨ ਜਾਮ ਲਾਉਣਾ ਪਿਆ। ਧਰਨਾਕਾਰੀਆਂ ਨੇ ਕਿਹਾ ਜਦੋਂ ਤੱਕ ਹਾਦਸੇ ਲਈ ਜ਼ਿੰਮੇਵਾਰ ਡਰਾਈਵਰ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਇਹ ਜਾਮ ਜਾਰੀ ਰਹੇਗਾ। ਇਸ ਮੌਕੇ ਇੰਦਰਜੀਤ ਸਿੰਘ ਘਣੀਆਂ, ਰਣਜੀਤ ਸਿੰਘ ਡੋਡ, ਸੁਖਪਾਲ ਸਿੰਘ ਢਿੱਲੋਂ, ਮੋਦਨ ਸਿੰਘ, ਨੈਬ ਸਿੰਘ ਘਣੀਆਂ, ਗੁਰਮੇਲ ਸਿੰਘ, ਬਲਜਿੰਦਰ ਸਿੰਘ ਬਾਜਾਖਾਨਾ, ਰਾਜਾ ਡੋਡ ਆਦਿ ਹਾਜ਼ਰ ਸਨ। ਇਸੇ ਦੌਰਾਨ ਥਾਣਾ ਇੰਚਾਰਜ ਨੇ ਦੱਸਿਆ ਕਿ ਗੱਡੀ ਦੇ ਡਰਾਈਵਰ ਦੀ ਗ੍ਰਿਫ਼ਤਾਰੀ ਸਬੰਧੀ ਪੁਲੀਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ।