ਜੋਗਿੰਦਰ ਸਿੰਘ ਮਾਨ
ਮਾਨਸਾ, 30 ਜੂਨ
ਭਾਖੜਾ ਨਹਿਰ ਦੇ ਗੋਲੇਵਾਲਾ ਹੈੱਡ ਤੋਂ ਨਿਕਲਦੀਆਂ ਬਰਾਂਚਾਂ ਦੀ ਮਾੜੀ ਹਾਲਤ ਤੋਂ ਅੱਕੇ ਹੋਏ ਮਾਨਸਾ ਅਤੇ ਬਠਿੰਡਾ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਅੱਜ ਸਿੰਜਾਈ ਵਿਭਾਗ ਦੇ ਐਕਸੀਅਨ ਦਫ਼ਤਰ ਨਹਿਰੀ ਕੋਠੀ ਜਵਾਹਰਕੇ ਵਿੱਚ ਧਰਨਾ ਲਾਇਆ ਗਿਆ।
ਧਰਨਾਕਾਰੀਆਂ ਦਾ ਕਹਿਣਾ ਹੈ ਕਿ ਗੋਲੇਵਾਲਾ ਹੈੱਡ ਤੋਂ ਨਿਕਲਦੀਆਂ ਬਰਾਂਚਾਂ ਕਾਲੂਆਣਾ, ਮੰਮੜ ਰਜਵਾਹਾ ਅਤੇ ਪੂਰਨ ਹੈੱਡ ਦੀ ਹਾਲਤ ਬੇਹੱਦ ਮਾੜੀ ਹੈ ਜਿਸ ਸਬੰਧੀ ਅਧਿਕਾਰੀਆਂ ਅੱਗੇ ਕਈ ਵਾਰ ਅਰਜ਼ੋਈਆਂ ਕੀਤੀਆਂ ਜਾ ਚੁੱਕੀਆਂ ਹਨ, ਪਰ ਜਦੋਂ ਕੋਈ ਹੀਲਾ-ਵਸੀਲਾ ਨਾ ਹੋਇਆ ਤਾਂ ਕਰੋਨਾਵਾਇਰਸ ਦੀ ਦਹਿਸ਼ਤ ਦੇ ਬਾਵਜੂਦ ਉਨ੍ਹਾਂ ਨੂੰ ਧਰਨਾ ਲਾਉਣਾ ਪਿਆ ਹੈ। ਵਿਭਾਗ ਦੇ ਕਰਮਚਾਰੀਆਂ ਵੱਲੋਂ ਮਹਿਕਮੇ ਦੇ ਐਕਸੀਅਨ ਨਾਲ ਭਲਕੇ ਮੀਟਿੰਗ ਕਰਵਾਉਣ ਦੇ ਦਿੱਤੇ ਭਰੋਸੇ ਤੋਂ ਬਾਅਦ ਇਸ ਧਰਨੇ ਨੂੰ ਸਮਾਪਤ ਕਰਨ ਦਾ ਫੈਸਲਾ ਕੀਤਾ ਗਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਦੱਸਿਆ ਕਿ ਭਾਖੜਾ ਨਹਿਰੀ ਹੈੱਡ ਪਿੰਡ ਗੋਲੇਵਾਲਾ ਤੋਂ ਜੋ ਬਰਾਂਚਾਂ ਕਾਲੂਆਣਾ, ਮੰਮੜ ਰਜਵਾਹਾ ਅਤੇ ਪੂਰਨ ਹੈੱਡ ਦੀ ਹਾਲਤ ਬਹੁਤ ਖ਼ਰਾਬ ਹੋਣ ਕਰਕੇ ਕਿਸੇ ਵੀ ਸਮੇਂ ਕੋਈ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨਹਿਰੀ ਮਹਿਕਮੇ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਉਹ ਸਖ਼ਤੀ ਨਾਲ ਇਸ ਮਸਲੇ ਨੂੰ ਹੱਲ ਕਰਵਾਉਣਗੇ। ਇਸ ਮੌਕੇ ਮਹਿਮਾ ਸਿੰਘ ਚੱਠੇਵਾਲਾ, ਯੋਧਾ ਸਿੰਘ ਬਠਿੰਡਾ, ਮੁਖਤਿਆਰ ਸਿੰਘ ਕੁੱਬੇ, ਬਲਵਿੰਦਰ ਸਿੰਘ ਜੋਧਪੁਰ, ਗੁਰਜੰਟ ਸਿੰਘ ਸੇਖਪੁਰ, ਜੈਮਲ ਸਿੰਘ ਸਿੰਗੋ, ਜਗਸੀਰ ਸਿੰਘ, ਦਰਸ਼ਨ ਸਿੰਘ ਮਲਕਾਣਾ, ਬਖਤੌਰ ਸਿੰਘ, ਮਾਘ ਸਿੰਘ ਮਾਖਾ, ਕੁਲਵੰਤ ਸਿੰਘ, ਮੇਜਰ ਸਿੰਘ, ਨੇਕ ਸਿੰਘ ਤੇ ਮਲਕੀਤ ਸਿੰਘ ਨੰਗਲਾ ਨੇ ਵੀ ਸੰਬੋਧਨ ਕੀਤਾ।