ਸ਼ਗਨ ਕਟਾਰੀਆ
ਜੈਤੋ, 26 ਅਪਰੈਲ
ਸਰਕਾਰ ਨੂੰ ਟੈਕਸ ਅਦਾ ਕਰ ਕੇ ਢੋਆ-ਢੁਆਈ ਕਰਨ ਵਾਲੇ ਵਾਹਨਾਂ ਦੇ ਚਾਲਕਾਂ ਨੇ ਅੱਜ ਇੱਥੇ ਧਰਨਾ ਚੌਕ ਵਿੱਚ ਧਰਨਾ ਲਾ ਕੇ ਕਰੀਬ ਪੰਜ ਘੰਟੇ ਆਵਾਜਾਈ ਠੱਪ ਕੀਤੀ। ਇਸ ਕਾਰਨ ਸਫ਼ਰ ਕਰਨ ਵਾਲਿਆਂ ਨੂੰ ਭਾਰੀ ਦੁਸ਼ਵਾਰੀ ਦਾ ਸਾਹਮਣਾ ਕਰਨਾ ਪਿਆ। ਗੁਰੂ ਨਾਨਕ ਪਿੱਕਅਪ/ਟਾਟਾ ਏਸ ਯੂਨੀਅਨ ਜੈਤੋ ਦੇ ਕਾਰਕੁਨਾਂ ਨੇ ਅੱਜ ਲਗਾਤਾਰ ਦੂਜੇ ਦਿਨ ਵੀ ਰੋਸ ਮੁਜ਼ਾਹਰਾ ਕਰਦਿਆਂ ਸਰਕਾਰ ਨੂੰ ਤਾਅਨਾ ਮਾਰਿਆ ਕਿ ਉਸ ਨੇ ਜੁਗਾੜੂ ਮੋਟਰਸਾਈਕਲ ਰੇਹੜੀਆਂ ਦੇ ਇੱਕ ਰੋਜ਼ਾ ਪ੍ਰਦਰਸ਼ਨ ਅੱਗੇ ਲਿਫ਼ ਕੇ ਗ਼ੈਰਕਾਨੂੰਨੀ ਧੰਦੇ ਅੱਗੇ ਗੋਢੇ ਟੇਕ ਦਿੱਤੇ ਹਨ।
ਯੂਨੀਅਨ ਦੇ ਪ੍ਰਧਾਨ ਬਿਕਰਮਜੀਤ ਸਿੰਘ ਤੇ ਸਾਥੀਆਂ ਨੇ ਧਰਨੇ ਦੌਰਾਨ ਸੁਆਲ ਪੁੱਛੇ ਕਿ ਜੇ ਸਰਕਾਰ ਨੇ ਬਗ਼ੈਰ ਟੈਕਸ ਭਰਨ ਤੋਂ ਗ਼ੈਰਕਾਨੂੰਨੀ ਵਾਹਨਾਂ ਨੂੰ ਢੋਆ-ਢੁਆਈ ਦੀ ਖੁੱਲ੍ਹੀ ਛੋਟ ਦੇਣੀ ਹੈ ਤਾਂ ਕਾਨੂੰਨੀ ਤੌਰ ’ਤੇ ਪਾਸ ਵਾਹਨ ਪਰਮਿਟ ਫੀਸ, ਪਾਸਿੰਗ ਤੇ ਹੋਰ ਟੈਕਸ ਕਿਹੜੇ ਕਸੂਰ ਦੀ ਸਜ਼ਾ ਵਜੋਂ ਭਰ ਰਹੇ ਹਨ? ਉਨ੍ਹਾਂ ਦੋ-ਟੁਕ ਲਫ਼ਜ਼ਾਂ ’ਚ ਗੱਲ ਮੁਕਾਉਂਦਿਆਂ ਆਖਿਆ ਕਿ ਸਰਕਾਰ ਉਨ੍ਹਾਂ ਨੂੰ ਕਰਾਂ ਦੇ ਝੰਜਟ ਤੋਂ ਮੁਕਤ ਕਰੇ ਅਤੇ ਬਾਅਦ ’ਚ ਮਨਮਰਜ਼ੀ ਨਾਲ ਖੁੱਲ੍ਹੀ ਖੇਡ ਖੇਡੇ।
ਉਨ੍ਹਾਂ ਰੋਣਾ ਰੋਇਆ ਕਿ ਇੰਨੇ ਟੈਕਸ ਭਰ ਕੇ ਵੀ ਕਾਨੂੰਨੀ ਵਾਹਨ ਇਸ ਲਈ ਵਿਹਲੇ ਹਨ ਕਿਉਂਕਿ ਗ਼ੈਰਕਾਨੂੰਨੀ ਜੁਗਾੜੂ ਰੇਹੜੀਆਂ ਵਾਲੇ ਘੱਟ ਰੇਟਾਂ ’ਤੇ ਦਸ ਦਸ ਕੁਇੰਟਲ ਭਾਰ ਲੱਦੀ ਫਿਰਦੇ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਕੰਮ ਸਿਰਫ਼ ਉਦੋਂ ਮਿਲਦਾ ਹੈ ਜਦੋਂ ਰੇਹੜੀਆਂ ਵਾਲਿਆਂ ਦਾ ਓਵਰ ਲੋਡ ਮਾਲ ਬਣਦਾ ਹੈ ਪਰ ਮਜਬੂਰੀਵੱਸ ਉਹ ਜਦੋਂ ਓਵਰ ਲੋਡ ਭਾਰ ਲੱਦਦੇ ਹਨ ਤਾਂ ਟਰੈਫ਼ਿਕ ਪੁਲੀਸ ਉਨ੍ਹਾਂ ਦੇ ਚਲਾਨ ਕਰਦੀ ਹੈ ਅਤੇ ਅਜਿਹੀ ਹਾਲਤ ’ਚ ਪੱਲੇ ਕੱਖ ਨਹੀਂ ਬਚਦਾ। ਉਨ੍ਹਾਂ ਕਿਹਾ ਕਿ ਉਹ ਪਰਿਵਾਰਾਂ ਵਾਲੇ ਹਨ ਪਰ ਕੰਮ ਨਾ ਹੋਣ ਕਰਕੇ ਘਰਾਂ ’ਚ ਭੰਗ ਭੁੱਜਦੀ ਹੈ।
ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਸਰਕਾਰ ਜੁਗਾੜੂ ਰੇਹੜੀਆਂ ’ਤੇ ਸਖ਼ਤੀ ਨਾਲ ਪਾਬੰਦੀ ਲਾਵੇ ਨਹੀਂ ਤਾਂ ਉਨ੍ਹਾਂ ਨੂੰ ਵੀ ਟੈਕਸਾਂ ਤੋਂ ਮੁਕਤ ਕਰ ਕੇ ਸਾਰਿਆਂ ਨੂੰ ਖੁੱਲ੍ਹ ਕੇ ਖੇਡਣ ਦੀ ਆਗਿਆ ਦਿੱਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਹ ਸਰਾਸਰ ਬੇਇਨਸਾਫ਼ੀ ਹੈ ਅਤੇ ਇਸ ਖ਼ਿਲਾਫ਼ ਉਹ ਆਉਂਦੇ ਦਿਨਾਂ ਵਿੱਚ ਸੜਕੀ ਆਵਾਜਾਈ ਰੋਕਣਗੇ ਅਤੇ ਸੜਕਾਂ ’ਤੇ ਜੋ ਵੀ ਜੁਗਾੜੂ ਰੇਹੜੀ ਮਿਲੇਗੀ, ਉਸ ਨੂੰ ਫੜਨਗੇ।
ਤਹਿਸੀਲਦਾਰ ਵੱਲੋਂ ਦਿੱਤੇ ਭਰੋਸੇ ਮਗਰੋਂ ਚੁੱਕਿਆ ਧਰਨਾ
ਤਹਿਸੀਲਦਾਰ ਜੈਤੋ ਕੰਵਲਜੀਤ ਬਰਾੜ ਨੇ ਧਰਨਾਕਾਰੀਆਂ ਕੋਲ ਪਹੁੰਚ ਉਨ੍ਹਾਂ ਦੀ ਗੱਲ ਸੁਣੀ ਅਤੇ ਮੰਗ ਪੱਤਰ ਲੈ ਕੇ ਅੱਗੇ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਇਸ ਪਿੱਛੋਂ ਵਾਹਨ ਚਾਲਕਾਂ ਨੇ ਧਰਨੇ ਦੀ ਸਮਾਪਤੀ ਦਾ ਐਲਾਨ ਕੀਤਾ ਅਤੇ ਚਿਤਾਵਨੀ ਦਿੱਤੀ ਕਿ ਜੇ ਸੁਣਵਾਈ ਨਾ ਹੋਈ ਤਾਂ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ।