ਜੋਗਿੰਦਰ ਸਿੰਘ ਮਾਨ
ਮਾਨਸਾ, 7 ਅਕਤੂਬਰ
ਇੱਥੇ ਅੱਜ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਮੁਲਾਜ਼ਮਾਂ ਵੱਲੋਂ ਬੈਂਕ ਦੇ ਜ਼ਿਲ੍ਹਾ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ ਬਰਾਂਚਾਂ ਸਮੇਤ ਜ਼ਿਲ੍ਹਾ ਦਫਤਰ ਦੇ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਸੰਬੋਧਨ ਕਰਦਿਆਂ ਬੈਂਕ ਦੀ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵਿਸ਼ਵਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੈਂਕ ਦੀ ਬਿਹਤਰੀ ਲਈ ਜਾਰੀ ਕੀਤੇ ਗਏ ਫੰਡ ਮਿਲਣ ਤੋਂ ਬਾਅਦ ਵੀ ਬੈਂਕ ਦੇ ਪ੍ਰਬੰਧਕ ਸਮੂਹ ਕਰਮਚਾਰੀਆਂ ਨੂੰ 6ਵਾਂ ਪੇਅ ਕਮਿਸ਼ਨ ਲਾਗੂ ਕਰਨ ਤੋਂ ਇਨਕਾਰੀ ਹਨ।
ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਵੱਲੋਂ ਮੁਲਾਜ਼ਮਾਂ ਦੀਆਂ ਤਰੱਕੀਆਂ ਵੀ ਰੋਕੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਸਾਦੇ ਵਿਆਜ ’ਤੇ ਕਰਜ਼ੇ ਮੁਹੱਈਆ ਕਰਨ ਵਾਲੇ ਇਸ ਇਕਲੌਤੇ ਬੈਂਕ ਵੱਲੋਂ ਪਿਛਲੇ ਪੰਜ ਸਾਲਾਂ ਤੋਂ ਵੱਧ ਸਮੇਂ ਤੋਂ ਕਿਸਾਨਾਂ ਨੂੰ ਕਰਜ਼ੇ ਵੰਡਣ ’ਤੇ ਰੋਕ ਲਗਾਈ ਹੋਣ ਕਰ ਕੇ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬੈਂਕ ਦੀ ਐਡਵਾਂਸਮੈਂਟ ਸ਼ੁਰੂ ਨਾ ਕੀਤੀ ਗਈ ਤਾਂ ਮੁਲਾਜ਼ਮਾਂ ਨੂੰ ਬੈਂਕ ਦੇ ਸ਼ੇਅਰਧਾਰਕ ਕਿਸਾਨਾਂ ਦਾ ਸਾਥ ਲੈਣਾ ਪਵੇਗਾ ਤਾਂ ਜੋ ਕਿਸਾਨਾਂ ਨੂੰ ਹੋ ਰਹੇ ਨੁਕਸਾਨ ਤੋਂ ਬਚਾਅ ਹੋ ਸਕੇ। ਇਸ ਮੌਕੇ ਮੈਨੇਜਰ ਗੁਰਵਿੰਦਰ ਸਿੰਘ ਅਅੇ ਮੈਨੇਜਰ ਨਵਦੀਪ ਸਿੰਘ, ਹਰਭਜਨ ਰੱਲਾ, ਅਮਰਜੀਤ ਸਿੰਘ, ਜਗਜੀਤ ਸਿੰਘ, ਅਜੈ ਕੁਮਾਰ ਤੇ ਰਣਦੀਪ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ।