ਨਿਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 3 ਅਪਰੈਲ
ਸਾਬਕਾ ਵਿਧਾਇਕ ਕਰਨ ਕੌਰ ਬਰਾੜ ਦੇ ਜੱਦੀ ਪਿੰਡ ਸਰਾਏਨਾਗਾ ਨੂੰ ਲੱਗਦੀ ਮੰਡੀ ਬਰੀਵਾਲਾ ਦੇ ਆੜ੍ਹਤੀਆਂ ਤੇ ਦੁਕਾਨਦਾਰਾਂ ਨੇ ਅੱਜ ਸੜਕੀ ਆਵਾਜਾਈ ਠੱਪ ਕਰਕੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਦੇ ਸਥਾਈ ਹੱਲ ਦੀ ਮੰਗ ਕੀਤੀ| ਧਰਨਾਕਾਰੀ ਵਿਜੈ ਕੁਮਾਰ ਟੋਨੀ ਪ੍ਰਧਾਨ ਕੱਚਾ ਆੜ੍ਹਤੀਆ ਐਸੋਸੀਏਸ਼ਨ, ਮਨੀਸ਼ ਗਰਗ, ਬਲਜਿੰਦਰ ਸਿੰਘ ਰੰਗਪੁਰੀ, ਰਾਜੂ ਮੱਕੜ, ਗਗਨ, ਸੰਦੀਪ ਕੁਮਾਰ ਪ੍ਰਧਾਨ ਗੱਲਾ ਮਜ਼ਦੂਰ ਯੂਨੀਅਨ ਹੋਰਾਂ ਨੇ ਦੱਸਿਆ ਕਿ ਕਣਕ ਦਾ ਸੀਜ਼ਨ ਆ ਗਿਆ ਹੈ ਪਰ ਮੰਡੀ ਵਿੱਚ ਸੀਵਰੇਜ ਦਾ ਪਾਣੀ ਭਰਿਆ ਪਿਆ ਹੈ। ਕਿਸਾਨ ਦੇ ਕਣਕ ਸੁੱਟਣ ਵਾਸਤੇ ਕੋਈ ਜਗ੍ਹਾ ਨਹੀਂ ਹੈ| ਉਨ੍ਹਾਂ ਕਿਹਾ ਕਿ ਗੰਦੇ ਪਾਣੀ ਦੇ ਮੁਸ਼ਕ ਕਾਰਨ ਲੋਕਾਂ ਦਾ ਸਾਹ ਲੈਣਾ ਦੁੱਬਰ ਹੋਇਆ ਪਿਆ ਹੈ।
ਪ੍ਰਸ਼ਾਸਨ ਕੋਈ ਸੁਣਵਾਈ ਨਹੀਂ ਕਰ ਰਿਹਾ| ਇਸ ਦੌਰਾਨ ਸੈਕਟਰੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਮਾਰਕੀਟ ਕਮੇਟੀ ਦਾ ਆਪਣੀ ਨਿਕਾਸੀ ਪ੍ਰਬੰਧ ਹੈ ਪਰ ਉਸ ਵਿੱਚ ਨਗਰ ਪੰਚਾਇਤ ਨੇ ਪਾਣੀ ਪਾ ਦਿੱਤਾ ਜਿਸ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ| ਇਸ ਦੌਰਾਨ ਰਜਿੰਦਰ ਕੁਮਾਰ ਜੇਈ ਅਤੇ ਬਲਵਿੰਦਰਪਾਲ ਸਿੰਘ ਐੱਸਡੀਓ ਨੇ ਕਿਹਾ ਕਿ ਉਹ ਜਲਦੀ ਹੀ ਸੀਵਰੇਜ ਦੀ ਸਫ਼ਾਈ ਕਰਵਾ ਕੇ ਪਾਣੀ ਕਢਵਾ ਦੇਣਗੇ। ਪਰ ਧਰਨਾਕਾਰੀ ਸਥਾਈ ਹੱਲ ਦੀ ਮੰਗ ਨੂੰ ਲੈ ਕੇ ਧਰਨੇ ’ਤੇ ਡਟੇ ਹੋਏ ਸਨ।