ਪਵਨ ਗੋਇਲ
ਭੁੱਚੋ ਮੰਡੀ, 6 ਜੂਨ
ਪਿੰਡ ਲਹਿਰਾ ਖਾਨਾ ਦੇ ਵਾਸੀਆਂ ਨੇ ਇੱਥੇ ਬਾਲਿਆਂਵਾਲੀ ਸੜਕ ’ਤੇ ਰੇਲਵੇ ਫਾਟਕ ਨੇੜੇ ਪਿੰਡ ਦੀ ਪਹੀ ਵਾਲੀ ਥਾਂ ਵਿੱਚ ਦੁਕਾਨਾਂ ਕੱਟੇ ਜਾਣ ਦੇ ਸ਼ੱਕ ਵਿੱਚ ਨਗਰ ਕੌਂਸਲ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸਾਬਕਾ ਸਰਪੰਚ ਸੁਰਜੀਤ ਸਿੰਘ, ਜਗਜੀਤ ਸਿੰਘਹਰਜੀਤ ਸਿੰਘ ਅਤੇ ਬੂਟਾ ਸਿੰਘ ਨੇ ਕਿਹਾ ਕਿ ਬਾਲਿਆਂਵਾਲੀ ਸੜਕ ਦੇ ਨਾਲ ਪਿੰਡ ਦੀ ਪੰਜ ਕਰਮਾਂ ਦੀ ਸਰਕਾਰੀ ਪਹੀ ਲਗਦੀ ਹੈ। ਇਹ ਰਕਬਾ ਪਿੰਡ ਲਹਿਰਾ ਖਾਨਾ ਦਾ ਹੈ। ਉਹ ਇਸ ਜਗ੍ਹਾ ਵਿੱਚ ਦੁਕਾਨਾਂ ਨਹੀਂ ਕੱਟਣ ਦੇਣਗੇ। ਮੌਕੇ ’ਤੇ ਪੁੱਜੇ ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ ਨੇ ਪ੍ਰਦਰਸ਼ਨਕਾਰੀ ਨੂੰ ਸਪੱਸ਼ਟ ਕੀਤਾ ਕਿ ਇਸ ਥਾਂ ’ਤੇ ਕੋਈ ਦੁਕਾਨ ਨਹੀਂ ਕੱਟੀ ਜਾਵੇਗੀ। ਇਸ ਰਾਸਤੇ ਨੂੰ ਨਜਾਇਜ਼ ਕਬਜ਼ਾ ਹਟਾ ਕੇ ਸਾਫ ਕੀਤਾ ਗਿਆ ਹੈ, ਤਾਂ ਜੋ ਸੜਕ ਨੂੰ ਹੋਰ ਚੌੜਾ ਕੀਤਾ ਜਾ ਸਕੇ। ਇਸ ਮੌਕੇ ਸੰਤ ਬਾਬਾ ਵਧਾਵਾ ਸਿੰਘ ਸਮਾਜ ਭਲਾਈ ਕਲੱਬ ਅਤੇ ਬੀਕੇਯੂ ਉਗਰਾਹਾਂ ਦੇ ਵਰਕਰ ਹਾਜ਼ਰ ਸਨ।