ਲਖਵਿੰਦਰ ਸਿੰਘ
ਮਲੋਟ, 12 ਅਕਤੂਬਰ
ਪਿੰਡ ਮਲੋਟ ਦੇ ਵਸਨੀਕ ਅਤੇ ਬਿਜਲੀ ਬੋਰਡ ਵਿੱਚ ਬਤੌਰ ਲਾਈਨਮੈਨ ਕੰਮ ਕਰਦੇ ਇੱਕ ਵਿਅਕਤੀ ਵੱਲੋਂ ਬੀਤੇ ਕੱਲ੍ਹ ਫਾਹਾ ਲਾ ਕੇ ਖੁਦਕੁਸ਼ੀ ਕਰਨ ਦੇ ਮਾਮਲੇ ‘ਚ ਸਦਰ ਪੁਲੀਸ ਨੇ ਖੁਦਕੁਸ਼ੀ ਨੋਟ ਦੇ ਅਧਾਰ ‘ਤੇ ਬਿਜਲੀ ਬੋਰਡ ਦੇ ਐੱਸਡੀਓ (ਦਿਹਾਤੀ) ਯੁਧਵੀਰ ਸਿੰਘ ਅਤੇ ਜੇਈ ਅਨਿਲ ਕੁਮਾਰ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅੱਜ ਮ੍ਰਿਤਕ ਦੇ ਵਾਰਸਾਂ ਨੇ ਮਲੋਟ-ਮੁਕਤਸਰ ਮੁੱਖ ਮਾਰਗ ‘ਤੇ ਮ੍ਰਿਤਕ ਦੀ ਲਾਸ਼ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਕਿਹਾ ਕਿ ਜਦੋਂ ਤੱਕ ਇਨ੍ਹਾਂ ਵਿਅਕਤੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ, ਤਦ ਤੱਕ ਉਹ ਮ੍ਰਿਤਕ ਦੇਹ ਦਾ ਸਸਕਾਰ ਨਹੀਂ ਕਰਨਗੇ।
ਮ੍ਰਿਤਕ ਲਾਈਨਮੈਨ ਸੁਖਦੇਵ ਸਿੰਘ ਦੇ ਲੜਕੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੌਕੇ ਤੋਂ ਮਿਲੇ ਖੁਦਕੁਸ਼ੀ ਨੋਟ ‘ਚ ਲਿਖਿਆ ਗਿਆ ਸੀ ਕਿ ਉਸ ਦੇ ਪਿਤਾ ਨੂੰ ਐੱਸਡੀਓ ਯੁਧਵੀਰ ਅਤੇ ਅਨਿਲ ਕੁਮਾਰ ਵੱਲੋਂ ਲਗਾਤਾਰ ਇੱਕ ਲੱਖ ਰੁਪਏ ਦੀ ਵੱਢੀ ਲੈਣ ਸਬੰਧੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਕਰਕੇ ਉਸ ਦੇ ਪਿਤਾ ਨੇ ਇਹ ਕਦਮ ਉਠਾਇਆ ਹੈ। ਮ੍ਰਿਤਕ ਦੇ ਲੜਕੇ ਨੇ ਕਿਹਾ ਕਿ ਜਦੋਂ ਤੱਕ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਆਪਣੇ ਪਿਤਾ ਦਾ ਸਸਕਾਰ ਨਹੀਂ ਕਰਨਗੇ।
ਓਧਰ ਥਾਣਾ ਸਦਰ ਦੇ ਇੰਚਾਰਜ ਮਲਕੀਤ ਸਿੰਘ ਨੇ ਕਿਹਾ ਕਿ ਬਿਜਲੀ ਬੋਰਡ ਦੇ ਉਕਤ ਦੋਵੇਂ ਅਧਿਕਾਰੀਆਂ ਐਸਡੀਓ ਯੁਧਵੀਰ ਸਿੰਘ ਅਤੇ ਜੇਈ ਅਨਿਲ ਕੁਮਾਰ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।