ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 31 ਅਕਤੂਬਰ
ਲਾਗਲੇ ਪਿੰਡ ਸਮਾਘ ’ਚ ਇਕ ਨਿੱਜੀ ਕੰਪਨੀ ਵੱਲੋਂ ਰਿਹਾਇਸ਼ੀ ਖੇਤਰ ’ਚ ਮੋਬਾਈਲ ਟਾਵਰ ਲਾਉਣ ਲਈ ਵਿੱਢੀਆਂ ਤਿਆਰੀਆਂ ਦਾ ਪਤਾ ਲੱਗਦਿਆਂ ਹੀ ਪਿੰਡ ਵਾਸੀਆਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਦਾ ਨੌਜਵਾਨ ਭਾਰਤ ਸਭਾ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ| ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਹਾਸ਼ਾ ਸਿੰਘ ਸਮਾਘ, ਰਾਜਦੀਪ ਸਿੰਘ ਬਾਗੀ ਅਤੇ ਗੁਰਵਿੰਦਰ ਸਿੰਘ ਸਮਾਘ ਨੇ ਦੱਸਿਆ ਕਿ ਇਹ ਟਾਵਰ ਬਿਨਾਂ ਪਿੰਡ ਵਾਸੀਆਂ ਦੀ ਸਹਿਮਤੀ ਦੇ ਲਾਇਆ ਜਾ ਰਿਹਾ ਹੈ| ਇਸ ਦਾ ਪਤਾ ਤਾਂ ਉਸ ਵੇਲੇ ਲੱਗਿਆ ਜਦੋਂ ਕੰਪਨੀ ਦੇ ਕਰਿੰਦਿਆਂ ਨੇ ਪੁਟਾਈ ਸ਼ੁਰੂ ਕਰ ਦਿੱਤੀ| ਉਨ੍ਹਾਂ ਦੱਸਿਆ ਕਿ ਇਹ ਮੋਬਾਈਲ ਟਾਵਰ ਅਜਿਹੀਆਂ ਰੇਡੀਓ ਐਕਟਿਵ ਤਰੰਗਾਂ ਪੈਦਾ ਕਰਦਾ ਹੈ ਜਿਸ ਨਾਲ ਭਿਆਨਕ ਬਿਮਾਰੀਆਂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ| ਇਸ ਲਈ ਇਹ ਰਿਹਾਇਸ਼ੀ ਖੇਤਰ ਵਿੱਚ ਲੱਗਣਾ ਖਤਰਨਾਕ ਹੈ| ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇ| ਇਸ ਸਬੰਧ ਵਿੱਚ ਕੰਪਨੀ ਦੇ ਨੁਮਾਇੰਦੇ ਹਰਸ਼ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਲੋੜੀਂਦੀਆਂ ਮਨਜ਼ੂਰੀਆਂ ਉਪਰੰਤ ਹੀ ਉਨ੍ਹਾਂ ਟਾਵਰ ਲਾਉਣ ਦਾ ਕੰਮ ਸ਼ੁਰੂ ਕੀਤਾ ਹੈ ਫਿਰ ਵੀ ਜੇਕਰ ਲੋਕ ਵਿਰੋਧ ਕਰਦੇ ਹਨ ਤਾਂ ਉਹ ਕੋਈ ਬਦਲਵਾਂ ਪ੍ਰਬੰਧ ਕਰ ਲੈਣਗੇ|