ਸ਼ਗਨ ਕਟਾਰੀਆ
ਜੈਤੋ, 7 ਫਰਵਰੀ
ਪਿੰਡ ਮੱਤਾ ਵਾਸੀਆਂ ਵੱਲੋਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬਲਾਕ ਜੈਤੋ ਦੇ ਪ੍ਰਧਾਨ ਅੰਗਰੇਜ਼ ਸਿੰਘ (ਗੋਰਾ ਮੱਤਾ) ਦੀ ਅਗਵਾਈ ਹੇਠ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਦੇ ਗੇਟ ਅੱਗੇ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਦੀ ਸ਼ਿਕਾਇਤ ਸੀ ਕਿ ਮੱਤਾ ਸਥਿਤ ਰੋੜੀਕਪੂਰਾ ਰੋਡ ’ਤੇ ਸਥਿਤ ਗ਼ਰੀਬ ਬਸਤੀਆਂ ਵਿੱਚ ਗਲੀਆਂ-ਨਾਲੀਆਂ ਬਣਾ ਕੇ ਗ਼ਰੀਬਾਂ ਦੀ ਸਾਰ ਲਈ ਜਾਵੇ।
ਇਸ ਦੌਰਾਨ ਬੀਡੀਪੀਓ ਦਫ਼ਤਰ ਦੇ ਅਧਿਕਾਰੀ ਵੱਲੋਂ ਪਿੰਡ ਮੱਤਾ ਵਿੱਚ ਮੌਕੇ ’ਤੇ ਪਹੁੰਚ ਕੇ ਸਮੱਸਿਆ ਦਾ ਮੁਆਇਨਾ ਕਰਨ ਤੋਂ ਬਾਅਦ ਇਸ ਦੇ ਜਲਦੀ ਹੱਲ ਦਾ ਭਰੋਸਾ ਦਿੱਤੇ ਜਾਣ ’ਤੇ ਧਰਨਾਕਾਰੀ ਸ਼ਾਂਤ ਹੋਏ। ਇਸ ਮੌਕੇ ਸੁਖਚੈਨ ਸਿੰਘ ਚੰਦਭਾਨ, ਗੁਰਸੇਵਕ ਸਿੰਘ ਜੈਤੋ, ਗੋਰਾ ਸਿੰਘ ਰੋੜੀਕਪੂਰਾ, ਚਰਨਜੀਤ, ਕਰਮਜੀਤ ਕੌਰ ਮੱਤਾ ਅਤੇ ਬੀਕੇਯੂ (ਡਕੌਂਦਾ) ਦੇ ਆਗੂ ਬਲਵਿੰਦਰ ਸਿੰਘ ਰੋੜੀਕਪੂਰਾ, ਸਵਰਨ ਸਿੰਘ ਚੈਨਾ ਤੇ ਨਛੱਤਰ ਸਿੰਘ ਬਿਸ਼ਨੰਦੀ ਸਮੇਤ ਹੋਰ ਕਈ ਵਿਅਕਤੀ ਵੀ ਹਾਜ਼ਰ ਸਨ।