ਪੱਤਰ ਪ੍ਰੇਰਕ
ਮਾਨਸਾ, 6 ਫਰਵਰੀ
ਫਾਇਰ ਬ੍ਰਿਗੇਡ ਵਿਭਾਗ ਵਿੱਚੋਂ ਫਾਰਗ ਕੀਤੇ ਮੁਲਾਜ਼ਮਾਂ ਨੇ ਅੱਜ ਛੁੱਟੀ ਵਾਲੇ ਦਿਨ ਵੀ ਨਗਰ ਕੌਂਸਲ ਮਾਨਸਾ ਦੇ ਦਫ਼ਤਰ ਅੱਗੇ ਧਰਨਾ ਜਾਰੀ ਰੱਖਿਆ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਬਿਨਾਂ ਕਿਸੇ ਕਾਰਨ ਤੋਂ ਉਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਨਾ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਕਤ ਮਸਲੇ ਦਾ ਹੱਲ ਨਾ ਕੱਢਿਆ ਗਿਆ ਤਾਂ ਇਹ ਧਰਨਾ ਦਿਨ-ਰਾਤ ਦੇ ਧਰਨੇ ਵਿੱਚ ਤਬਦੀਲ ਕੀਤਾ ਜਾਵੇਗਾ।
ਮੁਲਾਜ਼ਮ ਆਗੂ ਹਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਨੌਕਰੀ ਤੋਂ ਕੱਢੇ ਕਰਮਚਾਰੀਆਂ ਨੂੰ ਬਹਾਲ ਕਰਵਾਉਣ ਲਈ ਨਗਰ ਕੌਂਸਲ ਦੇ ਅਫ਼ਸਰ ਤੇ ਪ੍ਰਸ਼ਾਸਨ ਵੱਲੋਂ ਕੋਈ ਸਾਰ ਨਹੀਂ ਲਈ ਗਈ, ਜਿਸ ਕਾਰਨ ਕਰਮਚਾਰੀਆਂ ਵਿੱਚ ਰੋਸ ਵੱਧਦਾ ਜਾ ਰਿਹਾ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ ਜਦੋਂ ਤੱਕ ਕੱਢੇ ਹੋਏ ਮੁਲਾਜ਼ਮਾਂ ਨੂੰ ਬਹਾਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਕਿਸਾਨ ਜਥੇਬੰਦੀ ਵੱਲੋਂ ਪੂਰੀ ਹਮਾਇਤ ਕੀਤੀ ਜਾਵੇਗੀ ਅਤੇ ਠੇਕਾ ਮੁਲਾਜ਼ਮ ਸੰਘਰਸ਼ ਨੂੰ ਮੋਰਚਾ ਦੇ ਆਗੂ ਗੁਰਵਿੰਦਰ ਸਿੰਘ ਵੱਲੋਂ ਵੀ ਹਮਾਇਤ ਦਾ ਐਲਾਨ ਕੀਤਾ ਗਿਆ। ਇਸ ਮੌਕੇ ਬਲਰਾਜ ਸਿੰਘ, ਹਰਜੀਤ ਸਿੰਘ, ਗੁਰਪ੍ਰੀਤ ਸਿੰਘ, ਕਰਨ ਕੁਮਾਰ, ਜਗਸੀਰ ਸਿੰਘ ਜਵਾਹਰਕੇ, ਗੁਰਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।