ਪੱਤਰ ਪ੍ਰੇਰਕ
ਮਾਨਸਾ, 1 ਫਰਵਰੀ
ਨਗਰ ਕੌਂਸਲ ਦਫ਼ਤਰ ਮਾਨਸਾ ਦੇ ਅੱਗੇ ਫਾਇਰ ਬ੍ਰਿਗੇਡ ਵਿੱਚੋਂ ਕੱਢੇ ਕੱਚੇ ਮੁਲਾਜਮਾਂ ਦਾ 9ਵੇਂ ਦਿਨ ਵੀ ਪਰਿਵਾਰਾਂ ਅਤੇ ਛੋਟੇ ਬੱਚਿਆਂ (2 ਤੋਂ 5 ਸਾਲ) ਦੇ ਸਮੇਤ ਧਰਨਾ ਜਾਰੀ ਹੈ।ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਫਾਇਰ ਬ੍ਰਿਗੇਡ ਦੇ ਆਗੂ ਬਲਰਾਜ ਸਿੰਘ ਨੇ ਦੱਸਿਆ ਕਿ ਉਹ 27 ਦਸੰਬਰ ਨੂੰ ਨੌਕਰੀ ਤੋਂ ਜਬਰੀ ਫਾਰਗ ਕਰ ਦਿੱਤਾ ਹੈ, ਜਿਸ ਕਰਕੇ ਪਰਿਵਾਰਾਂ ਦਾ ਰੋਜ਼ੀ ਰੋਟੀ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੋ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇ ਜਲਦੀ ਮੁਲਾਜ਼ਮਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਯੂਨੀਅਨ ਵੀ ਪੰਜਾਬ ਪੱਧਰ ’ਤੇ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਜਗਦੇਵ ਸਿੰਘ ਖਿੱਲਣ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਵਿੱਚ ਦੋ ਗੱਡੀਆਂ ਅਤੇ ਇੱਕ ਮੋਟਰਸਾਈਕਲ ਹੈ, ਜਿਨ੍ਹਾਂ ਲਈ 34 ਮੁਲਾਜ਼ਮਾਂ ਦੀ ਜ਼ਰੂਰਤ ਹੈ, ਜੋ ਕਿ ਫਾਇਰ ਬ੍ਰਿਗੇਡ ਦਾ ਕੰਮ ਚਲਾਉਣ ਲਈ ਵੀ ਪੂਰੇ ਨਹੀਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ 8 ਮੁਲਾਜ਼ਮਾਂ ਨੂੰ ਫਾਰਗ ਕਰਕੇ ਨਗਰ ਕੌਂਸਲ, ਮਾਨਸਾ ਨੇ ਸਰਾਸਰ ਗਲਤ ਕੀਤਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਇਨ੍ਹਾਂ ਦੀ ਡੱਟਵੀਂ ਹਮਾਇਤ ਕੀਤੀ ਜਾਵੇਗੀ। ਇਸ ਸੰਘਰਸ਼ ਦੀ ਪੰਜਾਬ ਮਿਊਂਸਪਲ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਜਨਕ ਰਾਜ ਮਾਨਸਾ ਨੇ ਵੀ ਹਮਾਇਤ ਕਰਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਲੱਭਿਆ ਜਾਵੇ। ਇਸ ਮੌਕੇ ਮਿੱਠੂ ਸਿੰਘ ਖਿੱਲਣ,ਹਰਜੀਤ ਸਿੰਘ, ਗਗਨਦੀਪ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।