ਅਸ਼ੋਕ ਸੀਕਰੀ
ਗੁਰੂਾਰਸਹਾਏ, 6 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਥਾਣਾ ਗੁਰੂਹਰਸਹਾਏ ਅੱਗੇ ਮੰਗਾਂ ਨੂੰ ਲੈ ਕੇ ਅੱਜ ਧਰਨਾ ਦਿੱਤਾ ਗਿਆ| ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਪ੍ਰੈੱਸ ਸਕੱਤਰ ਪ੍ਰਗਟ ਸਿੰਘ ਸਿੱਧੂ ਛੋਟਾ ਜੰਡ ਵਾਲਾ ਨੇ ਦੱਸਿਆ ਕਿ ਇਲਾਕੇ ਵਿੱਚ ਵਧ ਰਹੀਆਂ ਚੋਰੀਆਂ ਤੇ ਨਸ਼ਿਆਂ ਦੀ ਰੋਕਥਾਮ ਅਤੇ ਕੋਆਪਰੇਟਿਵ ਸੁਸਾਇਟੀ ਜੰਡਵਾਲਾ ਤੇ ਕਾਹਨ ਸਿੰਘ ਵਾਲਾ ਮੋਹਨਕੇ ਵਿੱਚ ਕਿਸਾਨਾਂ ਦੇ ਪੈਸੇ ਦੇ ਕਥਿਤ ਗਬਨ ਆਦਿ ਮੰਗਾਂ ਨੂੰ ਮੁੱਖ ਰੱਖਦਿਆਂ ਪ੍ਰਸ਼ਾਸਨ ਪਾਸੋਂ ਕਾਰਵਾਈ ਤੇ ਇਨਸਾਫ਼ ਦੀ ਮੰਗ ਕੀਤੀ ਗਈ| ਕਿਸਾਨਾਂ ਨੇ ਦੋਸ਼ ਲਾਇਆ ਕਿ ਕਿਸਾਨ ਯੂਨੀਅਨ ਨੇ ਸੋਹਨਗੜ੍ਹ ਰੱਤੇਵਾਲਾ ਵਿੱਚ ਮੋਟਰਸਾਈਕਲ ਚੋਰੀ ਕਰਨ ਵਾਲੇ ਪੁਲੀਸ ਹਵਾਲੇ ਕੀਤੇ ਸੀ, ਪਰ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਕਿਸਾਨ ਜਥੇਬੰਦੀ ਵੱਲੋਂ ਪਰਾਲੀ ਦੇ ਮੁੱਦੇ ’ਤੇ ਵੀ ਵਿਚਾਰ ਚਰਚਾ ਕੀਤੀ ਗਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਪਰਾਲੀ ਦਾ ਕੋਈ ਹੱਲ ਨਾ ਕੀਤਾ ਤਾਂ ਉਹ ਇਸ ਨੂੰ ਅੱਗ ਲਾਉਣ ਲਈ ਮਜਬੂਰ ਹੋਣਗੇ। ਼ਇਸ ਮੌਕੇ ਬੀਕੇਯੂ ਦੇ ਸੂਬਾ ਕਮੇਟੀ ਮੈਂਬਰ ਹਰਨੇਕ ਸਿੰਘ ਮਹਿਮਾ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਕੜਮਾ, ਲਖਵੀਰ ਡੋਡ, ਬਲਕਾਰ ਸਿੰਘ ਜੋਧਪੁਰ, ਸਾਹਿਬ ਸਿੰਘ ਵਾੜਾ ਭਾਈ ਕੇ, ਜੁਗਰਾਜ ਸਿੰਘ ਗੱਟੀ, ਬਲਵੰਤ ਸਿੰਘ, ਬਲਾਕ ਪ੍ਰਧਾਨ ਅਸ਼ੋਕ ਕੁਮਾਰ, ਮੀਤ ਪ੍ਰਧਾਨ ਰਾਜਵਿੰਦਰ ਗਹਿਰੀ, ਸਕੱਤਰ ਇਕਬਾਲ ਸਿੰਘ ਆਦਿ ਹਾਜ਼ਰ ਸਨ|
ਕਿਸਾਨੀ ਮੁੱਦਿਆਂ ’ਤੇ ਸੈਮੀਨਾਰ ਭਲਕੇ
ਮਾਨਸਾ (ਪੱਤਰ ਪ੍ਰੇਰਕ): ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ (ਪੰਜਾਬ) ਦੇ ਵੱਲੋਂ 8 ਅਕਤੂਬਰ ਨੂੰ ਮਸਤੂਆਣਾ ਸਾਹਿਬ ਦੇ ਕੰਪਲੈਕਸ ਦੇ ਬੀ.ਐਡ ਹਾਲ ਵਿਖੇ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਫਰੰਟ ਦੇ ਸੂਬਾ ਆਗੂ ਜੁਗਰਾਜ ਸਿੰਘ ਰੱਲਾ ਅਤੇ ਮਨਜੀਤ ਮਾਨ ਨੇ ਦੱਸਿਆ ਕਿ ਅੱਜ ਖੇਤੀ ਅਤੇ ਕਿਸਾਨੀ ਨੂੰ ਦਰਪੇਸ਼ ਸੰਕਟ ਬਹੁ-ਦਿਸ਼ਾਈ ਬਣ ਗਿਆ ਹੈ। ਉਨ੍ਹਾਂ ਸਾਰੀਆਂ ਕਿਸਾਨ ਧਿਰਾਂ, ਖੇਤੀ ਚਿੰਤਕਾਂ, ਬੁੱਧੀਜੀਵੀਆਂ ਕੁਦਰਤੀ ਖੇਤੀ ਅਤੇ ਕਿਸਾਨ ਹਿਤੈਸ਼ੀ ਸੰਗਠਨਾਂ ਨੂੰ ਇਸ ਪ੍ਰੋਗਰਾਮ ਵਿੱਚ ਪਹੁੰਚਣ ਦਾ ਸੱਦਾ ਦਿੱਤਾ।