ਨਿੱਜੀ ਪੱਤਰ ਪ੍ਰੇਰਕ/ਖੇਤਰੀ ਪ੍ਰਤੀਨਿਧ
ਬਠਿੰਡਾ/ਬਰਨਾਲਾ, 24 ਮਈ
ਪੰਜਾਬ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇਥੇ ਸ਼ਹਿਰ ਅੰਦਰ ਵਾਹਨਾਂ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਵਿਖਾਵਾਕਾਰੀਆਂ ਦੀ ਅਗਵਾਈ ਕਰ ਰਹੇ ਸੀਐਫਯੂ ਦੇ ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਗਿੱਲ ਅਤੇ ਜਨਰਲ ਸਕੱਤਰ ਕ੍ਰਿਸ਼ਨ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਤੋਂ ਇਲਾਵਾ ਮਜ਼ਦੂਰਾਂ ਤੇ ਕਿਸਾਨਾਂ ਖ਼ਿਲਾਫ਼ ਲਗਾਤਾਰ ਮਾਰੂ ਨੀਤੀਆਂ ਲਿਆ ਕੇ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਅਣਦੇਖੀ ਕਰ ਰਹੀਆਂ ਹਨ। ਉਨ੍ਹਾਂ ਆਖਿਆ ਹਾਲਾਂ ਕਿ ਆਪਣੇ ਹੱਕਾਂ ਦੀ ਰਾਖੀ ਲਈ ਇਹ ਸਾਰੀਆਂ ਧਿਰਾਂ ਲਗਾਤਾਰ ਸੰਘਰਸ਼ ਕਰ ਰਹੀਆਂ ਹਨ ਪਰ ਇਸ ਦੇ ਬਾਵਜੂਦ ਸਰਕਾਰਾਂ ਆਪਣੇ ਹਠ ’ਤੇ ਕਾਇਮ ਹਨ ਅਤੇ ਕੋਈ ਸਬਕ ਨਹੀਂ ਲੈ ਰਹੀਆਂ। ਆਗੂਆਂ ਨੇ ਕਿਹਾ ਕਿ ਸਰਕਾਰਾਂ ਨੂੰ ਸਬਕ ਸਿਖਾਉਣ ਲਈ ਆਉਣ ਵਾਲੇ ਦਿਨਾਂ ’ਚ ਸੰਘਰਸ਼ ਨੂੰ ਹੋਰ ਪ੍ਰਚੰਡ ਕਰਦਿਆਂ, ਰਾਜ ਭਰ ਵਿੱਚ ਥਾਂ ਪੁਰ ਥਾਂ ਅੰਦੋਲਨ ਕੀਤਾ ਜਾਵੇਗਾ।
ਇਸੇ ਤਰ੍ਹਾਂ ਬਰਨਾਲਾ ਵਿਚ ਬਖਸ਼ੀਸ਼ ਸਿੰਘ, ਦਰਸ਼ਨ ਚੀਮਾ, ਰਮੇਸ਼ ਹਮਦਰਦ, ਮੇਲਾ ਸਿੰਘ ਕੱਟੂ , ਸੁਖਜੰਟ ਸਿੰਘ ਅਤੇ ਰਾਜੀਵ ਕੁਮਾਰ ਦੀ ਅਗਵਾਈ ਵਿੱਚ ਦਾਣਾ ਮੰਡੀ ਵਿੱਚ ਭਰਵੀਂ ਰੈਲੀ ਕਰਨ ਉਪਰੰਤ ਦੁਪਹਿਰੇ ਸ਼ਹਿਰ ਵਿਚ ਮੋਟਰਸਾਈਕਲ ਮਾਰਚ ਕੀਤਾ ਗਿਆ।
ਰੈਲੀ ਦੌਰਾਨ ਸੰਬੋਧਨ ਕਰਦਿਆਂ ਬੁਲਾਰਿਆਂ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤੇ ਵਾਅਦਿਆਂ ਤੋਂ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਭੱਜ ਰਹੀਆਂ ਹਨ। ਕੇਂਦਰ ਵਿੱਚ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਪਿਛਲੇ 10 ਸਾਲਾਂ ਤੋਂ ਲਗਾਤਾਰ ਪਬਲਿਕ ਸੈਕਟਰ ਨੂੰ ਤਬਾਹ ਕਰਕੇ ਦੇਸ਼ ਦੇ ਕਾਰਪੋਰੇਟ ਘਰਾਣਿਆਂ ਪੱਖੀ ਕਿਰਤ ਕਾਨੂੰਨ ਪਾਸ ਕੀਤੇ ਗਏ। ਇਨ੍ਹਾਂ ਕਾਰਪੋਰੇਟਸ ਨੂੰ ਹੀ ਮਜ਼ਦੂਰ ਵਰਗ ਅਤੇ ਆਊਟਸੋਰਸ ਕਾਮਿਆਂ ਦੀ ਸੇਵਾ ਸ਼ਰਤਾਂ ਤੈਅ ਕਰਨ ਦੇ ਅਧਿਕਾਰ ਸੌਂਪੇ ਜਾ ਰਹੇ ਹਨ। ਇਸ ਮੌਕੇ ਸੁਰਿੰਦਰ ਸ਼ਰਮਾ, ਵਿੰਦਰ ਸਿੰਘ, ਬਲਦੇਵ ਮੰਡੇਰ, ਗੁਰਪ੍ਰੀਤ ਮਾਨ, ਗੁਰਚਰਨ ਸਿੰਘ, ਚਮਕੌਰ ਸਿੰਘ ਨੇ ਸੰਬੋਧਨ ਕੀਤਾ।