ਨਿੱਜੀ ਪੱਤਰ ਪ੍ਰਰੇਕ
ਬੁਢਲਾਡਾ, 16 ਜੂਨ
ਇਥੇ ਅੱਜ ਸੀਪੀਆਈ (ਐੱਮ) ਦੇ ਦੇਸ਼ ਵਿਆਪੀ ਸੱਦੇ ’ਤੇ ਬੁਢਲਾਡਾ ਤਹਿਸੀਲ ਵਿੱਚ ਵੱਖ-ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਕਰਕੇ ਕੋਵਿਡ-19 ਦੇ ਕਾਰਨ ਲੋਕਾਂ ਖਾਸ ਕਰਕੇ ਮਿਹਨਤਕਸ਼ ਜਨਤਾ ਦੀਆਂ ਸਮੱਸਿਆਵਾਂ ਦੇ ਹੱਲ ਲਈ ਪਰਿਵਾਰਾਂ ਨੂੰ ਆਰਥਿਕ ਮੱਦਦ ਦੇਣ, ਪ੍ਰਤੀ ਜੀਅ ਪ੍ਰਤੀ ਮਹੀਨਾ 10 ਕਿਲੋ ਕਣਕ-ਚਾਵਲ ਆਦਿ ਦੇਣ, ਮਨਰੇਗਾ ਦੇ ਦਿਨ 200 ਕੀਤੇ ਜਾਣ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ। ਇਹ ਪ੍ਰਦਰਸ਼ਨ ਅਹਿਮਦਪੁਰ, ਬੀਰੋਕੇ ਕਲਾਂ ਤੋਂ ਇਲਾਵਾ ਸਥਾਨਕ ਬੁਢਲਾਡਾ ਵਿੱਚ ਕੀਤੇ ਗਏ। ਸੀਪੀਆਈ (ਐੱਮ) ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਸਵਰਨਜੀਤ ਸਿੰਘ ਦਲਿਓ ਨੇ ਪਿੰਡ ਅਹਿਮਦਪੁਰ ਵਿੱਚ ਇਕੱਠੇ ਹੋਏ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਮਜ਼ਦੂਰਾਂ, ਕਿਸਾਨਾਂ, ਦਸਤਕਾਰਾਂ, ਦੁਕਾਨਦਾਰਾਂ, ਵਪਾਰੀ ਵਰਗ ਦੇ ਕਾਰੋਬਾਰਾਂ ਵੱਡੀ ਮਾਰ ਪਈ ਹੈ ਅਤੇ ਕੇਂਦਰ ਸਰਕਾਰ ਬਜਾਏ ਲੋਕਾਂ ਨੂੰ ਆਰਥਿਕ ਰਾਹਤ ਦੇਣ ਦੇ ਉਲਟਾ ਡੀਜ਼ਲ- ਪੈਟਰੋਲ ਦੀਆਂ ਕੀਮਤਾਂ ਵਧਾ ਕੇ ਅਤੇ ਕਈ ਤਰ੍ਹਾਂ ਦੇ ਟੈਕਸਾਂ ਦਾ ਬੋਝ ਪਾ ਰਹੀ ਹੈ। ਇਸ ਮੌਕੇ ਸੀਪੀਆਈ (ਐੱਮ) ਦੇ ਆਗੂਆਂ ਕਾਮਰੇਡ ਰੂਪਾ ਸਿੰਘ ਬੁਢਲਾਡਾ , ਜਸਵੰਤ ਸਿੰਘ ਬੀਰੋਕੇ , ਬਿੰਦਰ ਸਿੰਘ ਅਹਿਮਦਪੁਰ, ਹਰਦੀਪ ਸਿੰਘ ਅਹਿਮਦਪੁਰ, ਸੰਤ ਰਾਮ ਬੀਰੋਕੇ ਨੇ ਮੰਗ ਕੀਤੀ ਕਿ ਇਨਕਮ ਟੈਕਸ ਦੇ ਘੇਰੇ ਤੋਂ ਬਾਹਰ ਸਾਰੇ ਪਰਿਵਾਰਾਂ ਦੇ ਖਾਤਿਆਂ ਵਿੱਚ 7500 ਰੁਪਏ ਪ੍ਰਤੀ ਮਹੀਨਾ ਛੇ ਮਹੀਨਿਆਂ ਤੱਕ ਪਾਏ ਜਾਣ, ਹਰ ਇੱਕ ਪਰਿਵਾਰ ਨੂੰ ਪ੍ਰਤੀ ਵਿਅਕਤੀ 10 ਕਿਲੋ ਅਨਾਜ ਸਰਕਾਰ ਛੇ ਮਹੀਨੇ ਦੀ ਮੁਹੱਈਆ ਕਰਵਾਵੇ, ਮਨਰੇਗਾ ਸਕੀਮ ਅਧੀਨ ਰੁਜ਼ਗਾਰ ਦੇ ਦਿਨ ਵਧਾ ਕੇ 200 ਦਿਨ ਕੀਤੇ ਜਾਣ, ਕੰਮ ਨਾ ਮਿਲਣ ਦੀ ਸੂਰਤ ’ਚ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ ਅਤੇ ਇਸ ਸਕੀਮ ਨੂੰ ਸ਼ਹਿਰੀ ਖੇਤਰ ਵਿੱਚ ਵੀ ਲਾਗੂ ਕੀਤਾ ਜਾਵੇ।
ਮਜ਼ਦੂਰਾਂ ਵੱਲੋਂ ਪਿੰਡ ਗੁੰਮਟੀ ਵਿੱਚ ਨਾਅਰੇਬਾਜ਼ੀ
ਮਹਿਲ ਕਲਾਂ(ਪੱਤਰ ਪ੍ਰੇਰਕ): ਸੀਪੀਐਮ ਦੇ ਸੱਦੇ ਤਹਿਤ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਪਿੰਡ ਗੁੰਮਟੀ ਵਿੱਚ ਮਜ਼ਦੂਰਾਂ ਵੱਲੋਂ ਕੇਂਦਰ ਤੇ ਰਾਜ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜਥੇਬੰਦੀ ਦੀ ਜ਼ਿਲ੍ਹਾ ਕਨਵੀਨਰ ਪਰਮਜੀਤ ਕੌਰ ਗੁੰਮਟੀ ਨੇ ਕਿਹਾ ਕਿ ਸਰਕਾਰ ਦੀ ਮਜ਼ਦੂਰ ਵਿਰੋਧੀ ਨੀਤੀ ਖ਼ਿਲਾਫ਼ ਮੁਹਿੰਮ ਚਲਾਈ ਜਾਵੇਗੀ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਤਾਲਾਬੰਦੀ ਕਾਰਨ ਮਜ਼ਦੂਰਾਂ ਦੇ ਨੁਕਸਾਨ ਦੀ ਭਰਪਾਈ ਲਈ ਮਗਨਰੇਗਾ ਮਜ਼ਦੂਰਾਂ ਨੂੰ 100 ਦਿਨ ਦੀ ਬਜਾਏ ਪੂਰਾ ਸਾਲ ਕੰਮ ਦਿੱਤਾ ਜਾਵੇ ਤੇ ਮਜ਼ਦੂਰਾਂ ਦੀ ਦਿਹਾੜੀ ਘੱਟੋ ਤੋਂ ਘੱਟ 600 ਰੁਪਏ ਪ੍ਰਤੀ ਦਿਨ ਵਧਾਈ ਜਾਵੇ। ਇਸ ਮੌਕੇ ਕਾਮਰੇਡ ਸੁਰਜੀਤ ਸਿੰਘ ਗੁੰਮਟੀ, ਹਮੀਰ ਸਿੰਘ, ਬਲਦੇਵ ਕੌਰ, ਬਸੰਤ ਕੌਰ, ਪਿਆਰਾ ਸਿੰਘ ਆਦਿ ਹਾਜ਼ਰ ਸਨ। ਇਸੇ ਤਰ੍ਹਾਂ ਪਿੰਡ ਹਮੀਦੀ ਵਿੱਚ ਸੀਪੀਆਈ ਐੱਮਐੱਲ (ਲਬਿਰੇਸ਼ਨ) ਵੱਲੋਂ ਨਿੱਜੀ ਫਾਇਨਾਂਸ ਕੰਪਨੀਆ ਦੀ ਨਾਜਾਇਜ਼ ਉਗਰਾਹੀ ਖ਼ਿਲਾਫ਼ ਰੈਲੀ ਕੀਤੀ ਗਈ।