ਹਰਿਆਣਾ ਵਿੱਚ ਧਰਨੇ ਦੇਣ ਵਾਲੇ ਕੈਪਟਨ ਦੇ ਬਿਆਨ ਦਾ ਵਿਰੋਧ; ਕਾਂਗਰਸੀ ਵਰਕਰਾਂ ਨੇ ਵੀ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ
ਪ੍ਰਭੂ ਦਿਆਲ
ਸਿਰਸਾ, 18 ਸਤੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਦਿਨੀਂ ਦਿੱਤੇ ਗਏ ਬਿਆਨ ਦੇ ਵਿਰੋਧ ਵਿੱਚ ਭਾਜਪਾ ਕਾਰਕੁਨਾਂ ਨੇ ਅੱਜ ਕਾਂਗਰਸ ਦੇ ਜ਼ਿਲ੍ਹਾ ਦਫ਼ਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਾਂਗਰਸੀ ਕਾਰਕੁਨਾਂ ਵੱਲੋਂ ਭਾਜਪਾ ਕਾਰਕੁਨਾਂ ਦਾ ਵਿਰੋਧ ਕੀਤਾ ਗਿਆ। ਕਾਂਗਰਸੀ ਕਾਰਕੁਨਾਂ ਨੇ ਭਾਜਪਾ ਕਾਰਕੁਨਾਂ ਨੂੰ ਦਫ਼ਤਰ ਦੇ ਨੇੜੇ ਨਹੀਂ ਪਹੁੰਚਣ ਦਿੱਤਾ ਤਾਂ ਭਾਜਪਾਈਆਂ ਸੜਕ ’ਤੇ ਹੀ ਧਰਨਾ ਲਾ ਕੇ ਕਾਂਗਰਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ ਪੁਲੀਸ ਤੇ ਸੀਆਰਪੀਐਫ ਦੀ ਟੁਕੜੀ ਨੂੰ ਤਾਇਨਾਤ ਕੀਤਾ ਗਿਆ ਜਿਨ੍ਹਾਂ ਦੀ ਅਗਵਾਈ ਤਿੰਨ ਡੀਐੱਸਪੀਜ਼ ਨੇ ਕੀਤੀ। ਇਸ ਦੌਰਾਨ ਜਿਥੇ ਭਾਜਪਾ ਆਗੂਆਂ ਨੇ ਕਾਂਗਰਸੀਆਂ ਨੂੰ ਕਿਸਾਨ ਵਿਰੋਧੀ ਦੱਸਿਆ ਉਥੇ ਹੀ ਕਾਂਗਰਸੀ ਆਗੂਆਂ ਨੇ ਭਾਜਪਾ ਸਰਕਾਰ ਨੂੰ ਕਿਸਾਨ ਵਿਰੋਧੀ ਕਰਾਰ ਦਿੰਦੇ ਹੋਏ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਭਾਜਪਾ ਆਗੂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਦਾ ਵਿਰੋਧ ਕਰ ਰਹੇ ਸਨ, ਜਿਸ ਵਿੱਚ ਉਨ੍ਹਾਂ ਨੇ ਕਿਸਾਨਾਂ ਨੂੰ ਹਰਿਆਣਾ ਵਿੱਚ ਅੰਦੋਲਨ ਕਰਨ ਦੀ ਗੱਲ ਕਹੀ ਸੀ। ਭਾਜਪਾ ਕਾਰਕੁਨਾਂ ਵੱਲੋਂ ਕਾਂਗਰਸ ਦੇ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤੇ ਜਾਣ ਮਗਰੋਂ ਅੱਜ ਕਾਂਗਰਸੀ ਆਗੂ ਤੇ ਕਾਰਕੁਨ ਸਵੇਰੇ ਹੀ ਪਾਰਟੀ ਦਫ਼ਤਰ ਵਿੱਚ ਇਕੱਠੇ ਹੋ ਗਏ ਸਨ। ਇਸ ਦੌਰਾਨ ਦੋਵਾਂ ਧਿਰਾਂ ਨੇ ਇਕ ਦੂਜੇ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ ਤੇ ਇਕ ਦੂਜੇ ਨੂੰ ਕਿਸਾਨ ਵਿਰੋਧ ਕਰਾਰ ਦਿੱਤਾ।
ਜੇਪੀਜੀ: ਕਾਂਗਰਸ ਦਫ਼ਤਰ ਦੇ ਨੇੜੇ ਧਰਨਾ ਦਿੰਦੇ ਹੋਏ ਭਾਜਪਾ ਕਾਰਕੁਨ।