ਲਖਵਿੰਦਰ ਸਿੰਘ
ਮਲੋਟ, 30 ਅਗਸਤ
ਇੱਥੇ ਦਾਨੇਵਾਲਾ ਚੌਕ ਵਿੱਚ ਖੋਲ੍ਹੇ ਗਏ ਸਰਕਾਰੀ ਕਾਲਜ ਦੇ ਪ੍ਰਬੰਧਕਾਂ ਨੇ ਕਈ ਵਿਦਿਆਰਥੀਆਂ ਨੂੰ ਰਜਿਸਟ੍ਰੇਸ਼ਨ ਫੀਸ ਵਾਪਸ ਕਰ ਕੇ ਕਿਸੇ ਹੋਰ ਨਿੱਜੀ ਕਾਲਜਾਂ ਵਿੱਚ ਦਾਖ਼ਲਾ ਲੈਣ ਦੀ ਸਲਾਹ ਦਿੱਤੀ ਹੈ। ਉਧਰ, ਵਿਦਿਆਰਥੀ ਇਸ ਗੱਲੋਂ ਨਰਾਜ਼ ਹਨ ਕਿ ਪਹਿਲਾਂ ਉਨ੍ਹਾਂ ਤੋਂ ਰਜਿਸਟ੍ਰੇਸ਼ਨ ਫੀਸ ਲੈ ਲਈ ਅਤੇ ਹੁਣ ਜਦ ਫਾਰਮ ਭਰਨ ਦੀ ਅਖੀਰਲੀ ਤਰੀਕ ਨੇੜੇ ਆਈ ਤਾਂ ਦਾਖਲੇ ਤੋਂ ਜਵਾਬ ਦੇ ਦਿੱਤਾ। ਉਨ੍ਹਾਂ ਕਿਹਾ ਕਿ ਉਹ ਹੁਣ ਕਿੱਥੇ ਜਾਣ। ਮੌਕੇ ’ਤੇ ਮੌਜੂਦ ਬੀਏ ਭਾਗ ਪਹਿਲਾ ਦੀ ਸੰਦੀਪ ਕੌਰ ਨਾਮੀ ਵਿਦਿਆਰਥਣ ਨੇ ਕਿਹਾ ਕਿ ਹੁਣ ਕਾਲਜ ਪ੍ਰਬੰਧਕਾਂ ਵੱਲੋਂ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਉਨ੍ਹਾਂ ਯੂਨੀਵਰਸਿਟੀ ਦੀਆਂ ਹਦਾਇਤਾਂ ਅਨੁਸਾਰ ਮੈਰਿਟ ਦੇ ਆਧਾਰ ’ਤੇ ਦਾਖਲੇ ਕੀਤੇ ਹਨ, ਪਰ ਫਿਰ ਉਨ੍ਹਾਂ ਇੰਨੇ ਵਿਦਿਆਰਥੀਆਂ ਨੂੰ ਧੋਖੇ ਵਿੱਚ ਕਿਉਂ ਰੱਖਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਹ ਹੋਰ ਕਾਲਜ ਵਿੱਚ ਦਾਖ਼ਲਾ ਲੈਣ ਲਈ ਜਾਣਗੇ, ਉਦੋਂ ਤੱਕ ਅਖੀਰਲੀ ਤਰੀਕ ਲੰਘ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਕਾਲਜ ਦਾਨੇਵਾਲਾ ਵਿੱਚ ਸੀਟਾਂ ਦੀ ਗਿਣਤੀ ਵਧਾਈ ਜਾਵੇ। ਉਧਰ, ਕਾਲਜ ਦੀ ਪ੍ਰਿੰਸੀਪਲ ਡਾ. ਜਯੋਤਸਨਾ ਨੇ ਕਿਹਾ ਕਿ ਉਨ੍ਹਾਂ ਵੀਹ ਦੇ ਕਰੀਬ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਫੀਸ ਵਾਪਸ ਕੀਤੀ ਹੈ, ਜੋ ਮੈਰਿਟ ਵਿੱਚ ਨਹੀਂ ਆਏ। ਉਧਰ, ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਉਹ ਇਸ ਮਸਲੇ ਦਾ ਤੁਰੰਤ ਹੱਲ ਕਰਵਾਉਣਗੇ ਤੇ ਵਿਦਿਆਰਥੀਆਂ ਨੂੰ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਨਹੀਂ ਆਵੇਗੀ।